80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ
ਸਿਵਲ ਸਰਜਨ ਦਫਤਰ ਵਿਖੇ ਮਨਾਇਆ ਗਿਆ ਵਿਸ਼ਵ ਤੰਬਾਕੂ ਰਹਿਤ ਦਿਵਸ
ਆਓ ਅਸੀਂ ਸਮਾਜ ਵਿਚੋਂ ਤੰਬਾਕੂ ਵਰਗੀ ਮਾੜੀ ਆਦਤ ਨੂੰ ਖਤਮ ਕਰਨ ਲਈ ਅੱਗੇ ਆਈਏ
ਨਵਾਂਸ਼ਹਿਰ, 31 ਮਈ 2021 ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਅਫਸਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ ਡਾ. ਕੁਲਦੀਪ ਰਾਏ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਸਰਜਨ ਦਫਤਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਥੀਮ ‘ਤੰਬਾਕੂ ਛੱਡਣ ਦਾ ਵਾਅਦਾ ਕਰੋ’ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ ਨੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਆਮ ਲੋਕਾਂ ਨੂੰ ਪੂਰੀ ਜ਼ਿੰਦਗੀ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ ਦਾ ਕਿਸੇ ਵੀ ਰੂਪ ਵਿਚ ਇਸਤੇਮਾਲ ਨਹੀਂ ਕਰਨ ਦਾ ਪ੍ਰਣ ਦਿਵਾਇਆ। ਸਿਹਤ ਕਾਮਿਆਂ ਨੂੰ ਆਪਣੇ ਕਾਰਜ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੰਬਾਕੂ ਦੀ ਮਾੜੀ ਆਦਤ ਨੂੰ ਛਡਵਾਉਣ ਵਿਚ ਲੋਕਾਂ ਦੀ ਮਦਦ ਕਰਨ ਦੀ ਸਹੁੰ ਵੀ ਚੁਕਾਈ ਗਈ।
ਇਸ ਦੌਰਾਨ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ ਅਜੇ ਵੀ 35 ਫੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ 9 ਫੀਸਦੀ ਬੀੜੀ ਸਿਗਰਟ, 21 ਫੀਸਦੀ ਖਾਣ ਵਾਲਾ ਤੰਬਾਕੂ ਅਤੇ 5 ਫੀਸਦੀ ਲੋਕ ਬੀੜੀ ਸਿਗਰਟ ਪੀਣ ਦੇ ਨਾਲ-ਨਾਲ ਖਾਣ ਵਾਲਾ ਤੰਬਾਕੂ ਵੀ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਭਾਰਤ ਵਿੱਚ 2200 ਲੋਕ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ। ਹਰ ਰੋਜ਼ 5500 ਨਵੇਂ ਬੱਚੇ ਤੰਬਾਕੂ ਦੀ ਆਦਤ ਸਹੇੜ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਦੇ 13 ਤੋਂ 15 ਸਾਲ ਦੇ ਕੁੱਲ ਬੱਚਿਆਂ ਵਿੱਚੋਂ 14 ਫੀਸਦੀ ਬੱਚੇ ਤੰਬਾਕੂ ਦਾ ਸੇਵਨ ਕਰਦੇ ਹਨ, 4 ਫੀਸਦੀ ਬੱਚੇ ਸਿਗਰੇਟ ਜਾਂ ਬੀੜੀ ਪੀਂਦੇ ਹਨ ਅਤੇ 22 ਫੀਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਸਾਹਮਣੇ ਘਰਾਂ ਵਿੱਚ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਵੀ ਤੰਬਾਕੂ ਦੇ ਧੂੰਏ ਦੇ ਮਾਰੂ ਅਸਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਲਗਭਗ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਤੰਬਾਕੂ ਦੇ ਸੇਵਨ ਨਾਲ ਮੂੁੰਹ, ਗਲ੍ਹੇ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ, ਕਿਉਂਕ ਇਸ ਵਿੱਚ ਨਿਕੋਟੀਨ ਸਹਿਤ ਹੋਰ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਦੀ ਲਗਾਤਾਰ ਵਰਤੋਂ ਕਾਰਨ ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਸ਼ੂਗਰ ਆਦਿ ਹੋ ਸਕਦੇ ਹਨ। ਤੰਬਾਕੂ ਨਾਲ ਮਰਦਾਂ ਵਿੱਚ ਨਿਪੁੰਨਸਕਤਾ ਅਤੇ ਪ੍ਰਜ਼ਨਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ। ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਹਰ ਰੋਜ਼ ਪੰਜਾਬ ਵਿੱਚ ਔਸਤਨ 48 ਲੋਕ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਰੋਕਥਾਮ ਲਈ ਕੋਟਪਾ ਐਕਟ ਅਧੀਨ ਭਾਰਤ ਵਿੱਚ ਸਾਲ 2003 ਵਿੱਚ ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦ ਐਕਟ (ਕੋਟਪਾ) ਪਾਸ ਕੀਤਾ ਗਿਆ, ਜਿਸ ਅਧੀਨ ਵੱਖ ਵੱਖ ਧਾਰਾਵਾਂ ਹੋਂਦ ਵਿੱਚ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਧਾਰਾ 4 ਅਧੀਨ ਜਨਤਕ ਸਥਾਨਾਂ ਤੇ ਸਿਗਰੇਟਨੋਸ਼ੀਾਂ ਕਰਨ ਦੀ ਸਖ਼ਤ ਮਨਾਹੀ ਹੈ। ਉਲੰਘਨਾ ਕਰਨ ਵਾਲੇ ਨੁੰ 200 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਬੰਧਿਤ ਸੰਸਥਾ ਦੇ ਮੁਖੀ ਨੂੰ 200 ਰੁਪਏ ਪ੍ਰਤੀ ਦੋਸ਼ੀ ਦੇ ਹਿਸਾਬ ਨਾਲ ਜੁਰਮਾਨੇ ਕੀਤੇ ਜਾ ਸਕਦੇ ਹਨ। ਧਾਰਾ 5 ਅਧੀਨ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ। ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਜੁਰਮਾਨਾ ਅਤੇ ਸਜ਼ਾ ਕੀਤੀ ਜਾਂਦੀ ਹੈ। ਧਾਰਾ 6ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਵੇਚਣ ਅਤੇ ਖਰੀਦਣ ਦੀ ਮਨ੍ਹਾਹੀ ਹੈ। ਧਾਰਾ 6ਬੀ ਅਨੁਸਾਰ ਵਿਿਦਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਕਰਨਾ ਅਪਰਾਧ ਹੈ। ਹੁੱਕਾ ਬਾਰ ਲਈ 50 ਹਜਾਰ ਰੁਪਏ ਦਾ ਜੁਰਮਾਨਾ ਅਤੇ 3 ਸਾਲ ਦੀ ਸਜ਼ਾ, ਈ-ਸਿਗਰੇਟ ਲਈ 50 ਹਜ਼ਾਰ ਦਾ ਜੁਰਮਾਨਾ ਅਤੇ 6 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਤੰਬਾਕੂ ਮੁਕਤ ਕਰਵਾਉਣ ਲਈ ਸਿਹਤ ਵਿਭਾਗ ਨਾਲ ਸੰਪਰਕ ਕਰਨ, ਤਾਂ ਜੋ ਅਸੀਂ ਸਮਾਜ ਵਿੱਚੋਂ ਤੰਬਾਕੂ ਵਰਗੀ ਮਾੜੀ ਆਦਤ ਨੂੰ ਖਤਮ ਕਰ ਸਕੀਏ।
ਇਸ ਮੌਕੇ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਟੀਕਾਕਰਨ ਅਫਸਰ ਜਵਿੰਦਰਵੰਤ ਸਿੰਘ ਬੈਂਸ, ਜ਼ਿਲ੍ਹਾ ਸਿਹਤ ਅਫਸਰ ਡਾ ਕੁਲਦੀਪ ਰਾਏ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।