ਵਧੀਕ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਹੜ੍ਹਾਂ ਦੇ ਅਗਾਂਊ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ

Sorry, this news is not available in your requested language. Please see here.

ਸਿਵਲ ਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ
ਗੁਰਦਾਸਪੁਰ, 2 ਜੂਨ 2021  ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮਾਨਸੂਨ ਨੂੰ ਮੁੱਖ ਰੱਖਦੇ ਹੋਏ ਹੜ੍ਹਾਂ ਦੇ ਅਗਾਂਊ ਪ੍ਰਬੰਧ ਕਰਨ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੋਏ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲੇ ਅੰਦਰ ਕਿਸੇ ਪ੍ਰਕਾਰ ਦੇ ਹੜ੍ਹ ਆਉਣ ਦੀ ਸਥਿਤੀ ਨਾਲ ਨਿਪਟਣ ਲਈ ਹਰੇਕ ਵਿਭਾਗ ਨੂੰ ਚੌਕਸ ਰਹਿਣ ਦੀ ਹਦਾਇਤ ਕਰਦਿਆਂ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਹੜ੍ਹ ਨਾਲ ਨਜਿੱਠਣ ਲਈ ਅਗਾਊਂ ਪੂਰੇ ਪ੍ਰਬੰਧ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਅਤੇ 11 ਜੂਨ ਤਕ ਮੁਕੰਮਲ ਪਲਾਨ ਤਿਆਰ ਕਰ ਲਿਆ ਜਾਵੇ।ਵਧੀਕ ਡਿਪਟੀ ਕਮਿਸ਼ਨਰ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਜਿਲੇ ਦੇ ਨਾਲ ਲੱਗਦੇ ਦੋ ਦਰਿਆ ਬਿਆਸ ਤੇ ਰਾਵੀ ਦੇ ਨੇੜਲੇ ਪਿੰਡਾਂ ਦੀ ਸੂਚੀ ਨੂੰ ਅਪਡੇਟ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਦਰਿਆਵਾਂ ਨੇੜਲੇ ਪਿੰਡ ਜੋ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ, ਦਰਮਿਆਨੇ ਪ੍ਰਭਾਵਿਤ ਹੋਣ ਵਾਲੇ ਅਤੇ ਘੱਟ ਪ੍ਰਭਾਵਿਤ ਹੋਣ ਪਿੰਡਾਂ ਦੀ ਸੂਚੀ ਤਿਆਰ ਕੀਤੀ ਜਾਵੇ। ਨਾਲ ਹੀ ਉਨਾਂ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਬੀ.ਐਸ.ਐਨ.ਐਲ, ਪਾਵਰਕਾਮ, ਜੰਗਲਾਤ, ਡੀ.ਐਫ.ਐਸ.ਸੀ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਦਵਾਈਆਂ, ਪਸ਼ੂ ਦੇ ਚਾਰੇ, ਟੈਲੀਫੋਨ ਵਿਵਸਥਾ, ਬਿਜਲੀ ਦੀ ਸਪਲਾਈ, ਸੈਲਟਰ ਹੋਮ, ਰਾਸ਼ਨ, ਪੀਣ ਲਈ ਪਾਣੀ ਆਦਿ ਦੇ ਪੁਖਤਾ ਪ੍ਰਬੰਧ ਕਰਨ ਸਬੰਧੀ ਮੁਕੰਮਲ ਪਲਾਨ ਤਿਆਰ ਕਰਨ। ਇਸੇ ਤਰਾਂ ਉਨਾਂ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਨੂੰ ਅਗਾਂਾਊ ਵਾਹਨਾਂ ਦੀ ਵਿਵਸਥਾ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਸਬੰਧਤ ਵਿਭਾਗਾਂ ਵਲੋਂ ਲੋੜ ਪੈਣ ਮੌਕੇ ਮੰਗੇ ਜਾਣ ’ਤੇ ਤੁਰੰਤ ਵਹੀਕਲ ਮੁਹੱਈਆ ਕੀਤੇ ਜਾਣ।
ਉਨ੍ਹਾਂ ਸਮੂਹ ਐਸ.ਡੀ.ਐਮਜ਼ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਪਣੇ ਨਾਲ ਸਬੰਧਿਤ ਕੰਮ ਕਰਨ ਲਈ ਕਿਹਾ ਤੇ ਦੱਸਿਆ ਕਿ ਉਹ ਰਾਹਤ ਕੈਂਪ, ਰਾਹਤ ਕੰਮਾਂ ਲਈ ਕਮੇਟੀਆਂ ਗਠਿਤ ਕਰਨ ਤੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਦੇ ਫੋਨ ਨੰਬਰ ਦੀਆਂ ਸੂਚੀਆਂ ਤਿਆਰ ਰੱਖਣ ਅਤੇ ਗੋਤਾ ਖੋਰਾਂ ਤੇ ਬੇੜੀਆਂ ਦੇ ਪ੍ਰਬੰਧ ਪੂਰੇ ਕਰਕੇ ਰੱਖਣ ਅਤੇ ਖਾਸਕਰਕੇ ਬੇੜੀਆਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਨੇੜੇ ਹੀ ਰੱਖੀਆਂ ਜਾਣ, ਤਾਂ ਜੋ ਲੋੜ ਪੈਣ ਤੇ ਉਨਾਂ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ। ਉਨਾਂ ਕਿਹਾ ਕਿ ਹੜ੍ਹਾਂ ਨਾਲ ਸਬੰਧਿਤ ਸਾਰੇ ਯੰਤਰਾਂ ਦਾ ਨਿਰੀਖਣ ਕਰ ਲਿਆ ਜਾਵੇ ਅਤੇ ਅਗਰ ਕੋਈ ਕਮੀਂ ਪੇਸ਼ੀ ਹੈ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਮੋਟਰ ਬੋਟਾਂ ਨੂੰ ਤਿਆਰ ਬਰ ਤਿਆਰ ਰੱਖਿਆ ਜਾਵੇ ਤਾਂ ਜੋ ਹੰਗਾਮੀ ਹਾਲਤ ਵਿਚ ਇਨਾਂ ਦੀ ਵਰਤੋਂ ਕੀਤੀ ਜਾ ਸਕੇ।
ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਮੀਤ ਸਿੰਘ ਜ਼ਿਲਾ ਮਾਲ ਅਫਸਰ, ਹਰਜਿੰਦਰ ਸਿੰਘ ਸੰਧੂ ਡੀ.ਡੀ.ਪੀ.ਓ, ਤਰਸੇਮ ਲਾਲ ਨਾਇਬ ਤਹਿਸਲੀਦਾਰ, ਸ੍ਰੀ ਭਿੰਡਰ ਦੀ ਐਕਸੀਅਨ ਡਰੇਨਜ਼, ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ, ਸਮੇਤ ਸਮੂਹ ਵਿਭਾਗਾਂ ਅਧਿਕਾਰੀ ਹਾਜ਼ਰ ਸਨ।

Spread the love