ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਦੌਰਾਨ ਬਿਹਤਰੀਨ ਸੇਵਾਵਾਂ ਦੇਣ ਵਾਲੇ ਸੱਤ ਮੁਲਾਜ਼ਮ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ

Sorry, this news is not available in your requested language. Please see here.

ਅਧਿਕਾਰੀਆਂ/ਕਰਮਚਾਰੀਆਂ ਦੀਆਂ ਕੋਵਿਡ-19 ਦੌਰਾਨ ਨਿਭਾਈਆਂ ਸੇਵਾਵਾਂ ਸ਼ਲਾਘਾਯੋਗ : ਪੂਜਾ ਸਿਆਲ ਗਰੇਵਾਲ
ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਹੌਸਲਾ ਅਫ਼ਜਾਈ ਲਈ ਧੰਨਵਾਦ ਕੀਤਾ
ਪਟਿਆਲਾ, 6 ਜੁਲਾਈ 2021
ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਅੱਜ ਕੋਵਿਡ ਮਹਾਂਮਾਰੀ ਦੇ ਮੁਸ਼ਕਲ ਦੌਰ ਵਿੱਚ ਵਧੀਆਂ ਸੇਵਾਵਾਂ ਦੇਣ ਵਾਲੇ ਸੱਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਕਸਟਰਾ ਅਸਿਸਟੈਂਟ ਕਮਿਸ਼ਨਰ (ਯੂ.ਟੀ.) ਜਸਲੀਨ ਕੌਰ ਭੁੱਲਰ ਵੀ ਮੌਜੂਦ ਸਨ।
ਏ.ਡੀ.ਸੀ. ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਮਾਡਲ ਟਾਊਨ ਦੇ ਮੈਡੀਕਲ ਅਫ਼ਸਰ ਡਾ. ਨਿਧੀ ਸ਼ਰਮਾ ਨੇ ਕੋਵਿਡ-19 ਨਾਲ ਪੀੜਤ ਘਰਾਂ ‘ਚ ਇਕਾਂਤਵਾਸ ਹੋਏ ਮਰੀਜ਼ਾਂ ਦੇ ਅੰਕੜੇ ਇਕੱਤਰ ਕਰਨ ‘ਚ ਅਹਿਮ ਭੂਮਿਕਾ ਨਿਭਾਈ, ਜਿਸ ਸਦਕਾ ਸਿਹਤ ਵਿਭਾਗ ਨੂੰ ਕੰਟੈਕਟ ਟਰੇਸਿੰਗ ਕਰਨ ‘ਚ ਮਦਦ ਮਿਲੀ। ਇਸੇ ਤਰ੍ਹਾਂ ਬਾਲ ਵਿਭਾਗ ਅਫ਼ਸਰ ਸਨੌਰ ਅਰਵਿੰਦਰ ਸਿੰਘ ਭੱਟੀ, ਏ.ਐਮ.ਓ. ਆਯੂਰਵੈਦਿਕ ਮੈਡੀਕਲ ਅਫ਼ਸਰ ਚਮਾਰੂ ਡਾ. ਮਨੀਸ਼ਾ ਸਿੰਗਲਾ ਤੇ ਡਿਸਟ੍ਰਿਕਟ ਫੰਕਸ਼ਨਲ ਮੈਨੇਜਰ ਹਰਜਿੰਦਰ ਸਿੰਘ ਦੀ ਘਰਾਂ ‘ਚ ਇਕਾਂਤਵਾਸ ਹੋਏ ਮਰੀਜ਼ਾਂ ਨੂੰ ਰੋਜ਼ਾਨਾ ਫੋਨ ਕਰਕੇ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੈਲੀ ਕਾਲਿੰਗ ਸੈਂਟਰਾਂ ਵਿਖੇ ਡਿਊਟੀ ਲਗਾਈ ਗਈ ਸੀ, ਜਿਹੜੀ ਕਿ ਇਨ੍ਹਾਂ ਵੱਲੋਂ ਬਹੁਤ ਕੁਸ਼ਲਤਾ ਨਾਲ ਨਿਭਾਈ ਗਈ।
ਏ.ਡੀ.ਸੀ. ਨੇ ਦੱਸਿਆ ਕਿ ਖੇਤੀਬਾੜੀ ਦਫ਼ਤਰ ਵਿਖੇ ਤਾਇਨਾਤ ਕਲਰਕ ਜਗਦੀਪ ਸਿੰਘ, ਡਿਪਟੀ ਕਮਿਸ਼ਨਰ ਦਫ਼ਤਰ ਦੇ ਜੂਨੀਅਰ ਸਹਾਇਕ ਸ਼ਮਾਂ ਰਾਣੀ, ਲੋਕ ਨਿਰਮਾਣ ਵਿਭਾਗ ਦੇ ਕਲਰਕ ਗੁਰਸੰਤ ਸਿੰਘ ਤੇ ਰਮਨਪ੍ਰੀਤ ਸਿੰਘ ਚਹਿਲ ਨੇ ਕੋਵਿਡ ਪਾਜਿਟਿਵ ਸੰਪਰਕਾਂ ਦੀ ਤਲਾਸ਼ ਲਈ ਲਗਾਈ ਗਈ ਡਿਊਟੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ।
ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਉਮੀਦ ਜਤਾਈ ਕਿ ਇਹ ਅਧਿਕਾਰੀ ਤੇ ਕਰਮਚਾਰੀ ਇਸ ਜ਼ਿੰਮੇਵਾਰੀ ਨੂੰ ਲਗਨ ਦੇ ਨਾਲ ਭਵਿੱਖ ਵਿੱਚ ਵੀ ਨਿਭਾਉਂਦੇ ਰਹਿਣਗੇ। ਸਨਮਾਨਤ ਹੋਣ ਵਾਲਿਆਂ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਏ.ਡੀ.ਸੀ. ਸ੍ਰੀਮਤੀ ਪੂਜਾ ਸਿਆਲ ਗਰੇਵਾਲ ਵਲੋਂ ਕੀਤੀ ਗਈ ਹੌਸਲਾ ਅਫ਼ਜਾਈ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਭਵਿੱਖ ਵਿੱਚ ਵੀ ਪ੍ਰਸ਼ਾਸਨ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ।
ਕੈਪਸ਼ਨ : ਏ.ਡੀ.ਸੀ. ਪੂਜਾ ਸਿਆਲ ਗਰੇਵਾਲ ਕੋਵਿਡ 19 ਦੌਰਾਨ ਬਿਹਤਰੀਨ ਸੇਵਾਵਾਂ ਦੇਣ ਵਾਲਿਆਂ ਦਾ ਸਨਮਾਨ ਕਰਦੇ ਹੋਏ, ਉਨ੍ਹਾਂ ਦੇ ਨਾਲ ਐਕਸਟਰਾ ਅਸਿਸਟੈਂਟ ਕਮਿਸ਼ਨਰ (ਯੂ.ਟੀ.) ਜਸਲੀਨ ਕੌਰ ਭੁੱਲਰ ਵੀ ਨਜ਼ਰ ਆ ਰਹੇ ਹਨ।

Spread the love