ਬੱਚਿਆਂ ਦੇ ਸ਼ਰੀਰਕ ਤੇ ਮਾਨਸਿਕ ਵਿਕਾਸ ਲਈ ਆਇਓਡੀਨ ਯੁਕਤ ਨਮਕ ਜ਼ਰੁਰੀ – ਡਾ ਹਰਪ੍ਰੀਤ
ਫ਼ਿਰੋਜ਼ਪੁਰ, 21 ਅਕਤੂਬਰ 2024
ਆਮ ਲੋਕਾਂ ਅਤੇ ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਤੇ ਸੀ.ਈ.ਓ. ਕੈਂਟੋਨਮੈਂਟ ਬੋਰਡ ਜੌਹਨ ਵਿਕਾਸ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਅਤੇ ਸਕੂਲ ਹੈਲਥ ਟੀਮ ਵੱਲੋਂ ਕੈਂਟੋਨਮੈਂਟ ਬੋਰਡ ਐਲੀਮੈਂਟਰੀ ਸਕੂਲ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ, ਸਕੂਲਾਂ ਅਤੇ ਸਿਹਤ ਤੰਦਰੁਸਤੀ ਕੇਂਦਰਾਂ ਵਿੱਖੇ ਵਿਸ਼ਵ ਆਇਓਡੀਨ ਘਾਟ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਾ. ਹਰਪ੍ਰੀਤ, ਨੇਹਾ ਭੰਡਾਰੀ ਅਤੇ ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਦੇਸ਼ ਵਿੱਚ ਆਇਓਡੀਨ ਯੁਕਤ ਨਮਕ ਨਾ ਖਾਣ ਨਾਲ ਹਰ ਸਾਲ ਦੇਸ਼ ਵਿੱਚ 71 ਮਿਲੀਅਨ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਇਓਡੀਨ ਤੱਤ ਰਸਾਇਣ ਸਰੀਰ ਦੇ ਵਧਣ ਫੁੱਲਣ ‘ਚ ਬਹੁਤ ਮਹੱਤਵਪੂਰਨ ਹੈ। ਰੋਜ਼ਾਨਾ ਖੁਰਾਕ ਵਿਚ ਇਸਦੀ ਸਹੀ ਮਾਤਰਾ ਨਾ ਲਈ ਜਾਵੇ ਤਾਂ ਥਾਇਰਾਇਡ ਗਲੈਂਡ (ਗਲੇ ਦੀ ਗ੍ਰੰਥੀ) ਆਕਾਰ ਵਿੱਚ ਵੱਧ ਜਾਂਦੀ ਹੈ, ਜਿਸ ਨੂੰ ਗਿਲੜ ਕਹਿੰਦੇ ਹਨ। ਆਇਓਡੀਨ ਦੀ ਘਾਟ ਨਾਲ ਸ਼ਰੀਰਕ ਵਿਕਾਸ ਅਤੇ ਮਾਨਸਿਕ ਵਿਕਾਸ ਘੱਟ ਹੁੰਦਾ ਹੈ। ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਤੱਤ ਦੀ ਘਾਟ ਹੋਣ ਨਾਲ ਗਰਭਪਾਤ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਾਂ ਬੱਚਾ ਜਮਾਂਦਰੂ ਨੁਕਸ ਵਾਲਾ ਅਤੇ ਮਰਿਆ ਬੱਚਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਦੇ ਖਾਣੇ ਵਿੱਚ ਆਇਓਡੀਨ ਦੀ ਘਾਟ ਕਾਰਨ ਨਵਜੰਮੇ ਬੱਚਿਆਂ ਵਿੱਚ ਗੂੰਗਾ, ਬੋਲਾ, ਸ਼ਰੀਰਕ ਵਿਕਾਰ, ਭੈਂਗਾਪਣ ਆਦਿ ਹੋਣ ਦਾ ਡਰ ਰਹਿੰਦਾ ਹੈ।
ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਸਮੁੰਦਰੀ ਪਾਣੀ ਤੋਂ ਤਿਆਰ ਕੀਤਾ ਨਮਕ ਤੇ ਸਮੁੰਦਰੀ ਮੱਛੀ ਇਸ ਦੇ ਮੁੱਖ ਸੋਮੇ ਹਨ। ਇਸ ਤੋਂ ਇਲਾਵਾ ਦੁੱਧ ਦਹੀ ਦੀ ਵਰਤੋਂ ਵੀ ਰੋਜ਼ਾਨਾ ਖੁਰਾਕ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਇਓਡੀਨ ਦੀ ਮਾਤਰਾ ਤੋਂ ਬਿਨਾਂ ਲੂਣ ਵੇਚਣ ’ਤੇ ਪਾਬੰਦੀ ਲਾ ਦਿਤੀ ਹੈ। ਖਰੀਦਿਆ ਲੂਣ ਛੇ ਮਹੀਨੇ ਵਿੱਚ ਵਰਤੋਂ ਵਿੱਚ ਲਿਆਉਣਾ ਅਤੇ ਇਸਦੇ ਡੱਬੇ ਨੂੰ ਅੱਗ ਜਾਂ ਸਲਾਭੇ ਤੋਂ ਦੂਰ ਰੱਖਣਾ ਚਾਹੀਦਾ ਹੈ ਨਹੀਂ ਤਾਂ ਤੱਤ ਨਸ਼ਟ ਹੋ ਜਾਣਗੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਨੀਤਾ ਜੁਨੇਜਾ, ਮੈਡਮ ਮਨਪ੍ਰੀਤ ਕੌਰ ਸਮੇਤ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।