ਫ਼ਾਜ਼ਿਲਕਾ, 19 ਜੂਨ 2021
ਜ਼ਿਲਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਫ਼ਾਜ਼ਿਲਕਾ ਵਿਚ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ ਢੁਆਈ ’ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਜਿਨਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ, ਉਨਾਂ ਨੂੰ ਪਸ਼ੂ ਪਾਲਣ ਵਿਭਾਗ ਪਾਸ ਰਜਿਸਟਰਡ ਕਰਾਉਣ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ 31 ਜੁਲਾਈ 2021 ਤੱਕ ਲਾਗੂ ਰਹਿਣਗੇ।
ਉਨਾਂ ਕਿਹਾ ਕਿ ਆਮ ਵੇਖਣ ਵਿਚ ਆਉਂਦਾ ਹੈ ਕਿ ਲਾਵਾਰਸ਼ ਗਊਆਂ ਕਾਰਨ ਰਾਤ ਸਮੇਂ ਸੜਕ ਤੇ ਕਈ ਵਾਰ ਐਕਸੀਡੈਂਟ ਹੋ ਜਾਂਦੇ ਹਨ। ਜਿਸ ਕਾਰਨ ਆਮ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਐਕਸੀਡੈਂਟ ਕਾਰਨ ਮਰੇ ਗਊ ਵੰਸ਼ ਸਬੰਧੀ ਕਈ ਵਾਰ ਲੋਕਾਂ ਵੱਲੋਂ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਇਨਾਂ ਨੂੰ ਕਿਸੇ ਸ਼ਰਾਰਤੀ ਅਨਸਰਾਂ ਨੇ ਮਾਰ ਕੇ ਸੁੱਟ ਦਿੱਤਾ ਹੈ, ਜਿਸ ਨਾਲ ਸਮਾਜ ਦੇ ਵੱਡੇ ਵਰਗ ਵਿਚ ਬੇਚੈਨੀ ਵੀ ਫੈਲਦੀ ਹੈ।
ਉਨਾਂ ਕਿਹਾ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਹ ਯਕੀਨੀ ਬਣਾਉਣਗੇ ਕਿ ਸ਼ਹਿਰਾਂ ਅਤੇ ਪਿੰਡਾਂ ਵਿਚ ਜਿੰਨਾਂ ਲੋਕਾਂ ਨੇ ਗਊ ਵੰਸ਼ ਰੱਖਿਆ ਹੋਇਆ ਹੈ ਉਹ ਉਨਾਂ ਨੂੰ ਰਜਿਸਟਰਡ ਜ਼ਰੂਰ ਕਰਵਾਉਣ। ਏਰੀਆ ਦੇ ਸਬੰਧਤ ਪਸ਼ੂ ਪਾਲਣ ਅਫਸਰ ਕੋਲੋਂ ਗਊ ਵੰਸ਼ ਦੀ ਰਜਿਸਟਰੇਸ਼ਨ ਕਰਵਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗਊ ਵੰਸ਼ ਨੂੰ ਲੈ ਕੇ ਕੋਈ ਅਣਸੁਖਾਵੀਂ ਘੱਟਨਾ ਨਾ ਵਾਪਰ ਸਕੇ ਅਤੇ ਗਊ ਵੰਸ਼ ਦੀ ਸੁਰੱਖਿਆ ਸਬੰਧੀ ਉਪਰਾਲੇ ਕੀਤੇ ਜਾ ਸਕਣ।