ਸ਼ਿਵ ਪੁਰੀ ਸ਼ਮਸ਼ਾਨਘਾਟ ’ਚ ਬਣੇਗਾ ਇਲੈਕਟ੍ਰਾਨਿਕ ਯੂਨਿਟ, ਹੋਵੇਗੀ ਬਿਜਲਈ ਸਸਕਾਰ ਦੀ ਸਹੂਲਤ : ਸੁੰਦਰ ਸ਼ਾਮ ਅਰੋੜਾ

Sorry, this news is not available in your requested language. Please see here.

 ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਦੋ ਮਹੀਨਿਆਂ ’ਚ ਤਿਆਰ ਹੋਵੇਗਾ ਬਿਜਲਈ ਸਸਕਾਰ ਵਾਲਾ ਸਿਸਟਮ
 ਸ਼ਮਸ਼ਾਨਘਾਟ ’ਚ ਇਕ ਹਫ਼ਤੇ ਅੰਦਰ ਬਣੇਗੀ ਸ਼ੈਡ
ਹੁਸ਼ਿਆਰਪੁਰ, 4 ਮਈ : ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਕਿ ਆਉਂਦੇ ਦੋ ਮਹੀਨਿਆਂ ਵਿੱਚ ਸ਼ਹਿਰ ਦੇ ਹਰਿਆਣਾ ਰੋਡ ਸਥਿਤ ਸ਼ਿਵ ਪੁਰੀ ਸ਼ਮਸ਼ਾਨਘਾਟ ਵਿੱਚ ਅੰਤਮ ਸਸਕਾਰ ਲਈ ‘ਬਿਜਲਈ ਯੂਨਿਟ’ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ।
ਉਦਯੋਗ ਮੰਤਰੀ ਨੇ ਮੇਅਰ ਸੁਰਿੰਦਰ ਕੁਮਾਰ ਸਮੇਤ ਸ਼ਮਸ਼ਾਨਘਾਟ ਦੌਰੇ ਦੌਰਾਨ ਲੋੜੀਂਦੀਆਂ ਸਹੂਲਤਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸ਼ਮਸ਼ਾਨਘਾਟ ਅੰਦਰ 20X60 ਸਾਈਜ਼ ਦੀ ਸ਼ੈਡ ਦੀ ਉਸਾਰੀ ਕੀਤੀ ਜਾ ਰਹੀ  ਜਿਸ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਉਪਰੰਤ ਮ੍ਰਿਤਕ ਦੇਹਾਂ ਦੇ ਸਸਕਾਰ ਕਰਨ ਮੌਕੇ ਮੌਸਮ ਦੀ ਖਰਾਬੀ ਅਤੇ ਬਰਸਾਤ ਵੇਲੇ ਸਬੰਧਤ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਮੱਦੇਨਜ਼ਰ ਇਹ ਸ਼ੈਡ ਉਸਾਰੀ ਜਾ ਰਹੀ ਹੈ ਜੋ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਤਿਆਰ ਹੋ ਜਾਵੇਗੀ। ਕੋਰੋਨਾ ਵਾਇਰਸ ਨੂੰ ਲੈ ਕੇ ਸਫਾਈ ਪ੍ਰਬੰਧਾਂ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਸੁੰਦਰ ਸ਼ਾਮ ਅਰੋੜਾ ਨੇ ਸ਼ਮਸ਼ਾਨਘਾਟ ਅੰਦਰ ਸਫਾਈ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਮੌਕੇ ’ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਫਾਈ ਕਾਰਜਾਂ ਲਈ ਮੁਲਾਜ਼ਮਾਂ ਦੀ ਮੌਜੂਦਾ ਗਿਣਤੀ ਵਧਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬਿਜਲਈ ਸਸਕਾਰ ਦੀ ਸਹੂਲਤ ਦੀ ਸਥਾਪਤੀ ਲਈ ਕਰੀਬ ਇਕ ਕਰੋੜ ਰੁਪਏ ਦਾ ਖਰਚ ਆਵੇਗਾ ਅਤੇ ਇਸ ਸਬੰਧੀ ਨਗਰ ਨਿਗਮ ਹੁਸ਼ਿਆਰਪੁਰ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਸਕਾਰ ਦੀ ਬਿਜਲਈ ਸਹੂਲਤ ਵਾਲੀ ਥਾਂ ’ਤੇ ਲੋੜੀਂਦੇ ਸਿਸਟਮ ਦੇ ਨਾਲ-ਨਾਲ ਵੱਡੇ ਜੈਨਰੇਟਰ ਦੀ ਵੀ ਵਿਵਸਥਾ ਹੋਵੇਗੀ।
ਸ਼ਮਸ਼ਾਨਘਾਟ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਉਦਯੋਗ ਮੰਤਰੀ ਨੇ ਦੱਸਿਆ ਕਿ ਪਹਿਲਾਂ ਵੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡਾਂ ਰਾਹੀਂ ਇਥੇ ਸਹੂਲਤਾਂ ਪ੍ਰਬੰਧ ਲਈ 2 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ‘ਇਲੈਕਟ੍ਰਾਨਿਕ ਕ੍ਰੀਮੈਟੋਰੀਅਮ ਅਤੇ ਸ਼ੈਡ ਦੀ ਸਥਾਪਤੀ ਤੋਂ ਇਲਾਵਾ ਸ਼ਮਸ਼ਾਨਘਾਟ ਵਿੱਚ ਬਾਕੀ ਲੋੜੀਂਦੀਆਂ ਸਹੂਲਤਾਂ ਵੀ ਤਰਜੀਹ ਦੇ ਆਧਾਰ ’ਤੇ ਯਕੀਨੀ ਬਣਾਇਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰੁਣ ਗੁਪਤਾ, ਸੁਨੀਲ ਪਰਾਸ਼ਰ, ਮਾਸਟਰ ਵਿਜੇ ਕੁਮਾਰ ਅਤੇ ਹੋਰ ਮੌਜੂਦ ਸਨ।

Spread the love