ਸਕੂਲੀ ਵਿਦਿਆਰਥੀਆਂ ਦੀ ਆਨ-ਲਾਈਨ ਸਿੱਖਿਆ ਵਾਸਤੇ ਮੀਲ ਦਾ ਪੱਥਰ ਸਾਬਤ ਹੋਇਆ ‘ਪੰਜਾਬ ਐਜੂਕੇਅਰ ਐਪ’

Sorry, this news is not available in your requested language. Please see here.

ਬਟਾਲਾ, 22 ਜੁਲਾਈ 2021 ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਬੱਚਿਆ ਦੀ ਪੜਾਈ ਨੂੰ ਜਾਰੀ ਰੱਖਣ ਵਾਸਤੇ ਤਿਆਰ ਕੀਤਾ ‘ਪੰਜਾਬ ਐਜੂਕੇਅਰ ਐਪ’ ਵਿਦਿਆਰਥੀਆਂ ਦੀ ਆਨ-ਲਾਈਨ ਸਿੱਖਿਆ ਵਾਸਤੇ ਮੀਲ ਦਾ ਪੱਥਰ ਸਾਬਤ ਹੋਇਆ ਹੈ। ਇਸ ਨੂੰ ਹੁਣ ਤੱਕ 35 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ’ਤੇ ਰੋਜ਼ਾਨਾ 87 ਹਜ਼ਾਰ ਤੋਂ ਵੱਧ ਲੋਕ ਵਿਜ਼ਟ ਕਰ ਰਹੇ ਹਨ।
‘ਪੰਜਾਬ ਐਜੂਕੇਅਰ ਐਪ’ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.) ਹਰਪਾਲ ਸਿੰਘ ਨੇ ਕਿਹਾ ਕਿ ਸਿੱਖਿਆ ਮੰੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਿੱਖਿਆ ਵਿਭਾਗ ਦੇ ਵਿਸ਼ੇਸ਼ ਉੱਦਮ ਨਾਲ ਤਿਆਰ ਕੀਤਾ ਗਿਆ ਇਹ ‘ਆਨ-ਲਾਈਨ ਬਸਤਾ’ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਇਸ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਐਪ ਦੀ ਹੁਣ ਤੱਕ 16 ਲੱਖ ਤੋਂ ਵੱਧ ਲੋਕਾਂ ਵੱਲੋਂ ਡਾਊਨਲੋਡ ਕਰਕੇ ਵਰਤੋਂ ਕੀਤੀ ਜਾ ਰਹੀ ਹੈ ਜਿਨਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਪਿਛਲੇ ਸਾਲ ਦੇ ਆਰੰਭ ਵਿੱਚ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਕਾਰਨ ਵਿਦਿਆਰਥੀਆਂ ਦੀ ਆਨ ਲਾਈਨ ਪੜ੍ਹਾਈ ਵਾਸਤੇ ‘ਪੰਜਾਬ ਐਜੂਕੇਅਰ ਐਪ’ 11 ਜੁਲਾਈ 2020 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਐਪ ਦੀ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਵਿੱਚ ਵੀ ਵਰਤੋਂ ਵਧ ਰਹੀ ਹੈ। ਇਸ ਐਪ ਰਾਹੀਂ ਪ੍ਰੀ-ਪ੍ਰਾਇਮਰੀ ਤੋਂ ਬਾਰਵੀਂ ਜਮਾਤ ਤੱਕ ਦਾ ਸੋਧਿਆ ਸਿਲੇਬਸ, ਮਾਡਲ ਟੈਸਟ ਪੇਪਰ, ਰੋਜ਼ਾਨਾ ਸਲਾਈਡਾਂ, ਅੱਜ ਦਾ ਸ਼ਬਦ, ਸਾਰੀਆਂ ਜਮਾਤਾਂ ਲਈ ਰੋਜ਼ਾਨਾ ਘਰ ਦਾ ਕੰਮ, ਉਡਾਣ ਅਤੇ ਉਡਾਣ ਕੰਪੀਟਿਟਵ ਐਗਜ਼ਾਮ ਸੀਰੀਜ, ਨਕਸ਼ਿਆਂ ਬਾਰੇ ਜਾਣਕਾਰੀ, ਟੈਸਟਾਂ ਦਾ ਨਤੀਜਾ, ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਅੰਗਰੇਜ਼ੀ ਬੋਲਣੀ ਸਿੱਖਣ ਲਈ ਵੱਖ-ਵੱਖ ਗਤੀਵਿਧੀਆਂ, ਐਨੀਮੇਟਡ ਵੀਡੀਓਜ਼, ਡਾਇਟ, ਈ.ਟੀ.ਟੀ ਕਾਲਜਾਂ ਬਾਰੇ ਜਾਣਕਾਰੀ ਅਤੇ ਵਿਦਿਆਰਥੀਆਂ ਦੇ ਸਿੱਖਣ- ਪਰਿਣਾਮਾਂ ਬਾਰੇ ਉਪਯੋਗੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸੈਕਸ਼ਨ ਅਧੀਨ ਪ੍ਰਾਇਮਰੀ ਵਿੰਗ ਵਿੱਚ ਸਿੱਖਣ- ਸਿਖਾਉਣ ਸਮੱਗਰੀ, ਅੱਖਰਕਾਰੀ, ਪੰਜਾਬ ਪ੍ਰਾਪਤੀ ਸਰਵੇਖਣ, ਸਿੱਖਣ- ਪਰਿਣਾਮਾਂ ਅਧਾਰਿਤ ਸਮੱਗਰੀ, ਟੈਲੀਵਿਜ਼ਨ ਪ੍ਰੋਗਰਾਮਾਂ, ਮਿਸ਼ਨ ਸ਼ਤ-ਪ੍ਰਤੀਸ਼ਤ ਅਤੇ ਰੀਡਿੰਗ ਕਾਰਨਰ ਟਾਈਟਲਾਂ ਅਧੀਨ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਵਿੰਗ ਅਧੀਨ ਸਾਰੀਆਂ ਜਮਾਤਾਂ ਦਾ ਪਾਠਕ੍ਰਮ, ਪਾਠ ਪੁਸਤਕਾਂ, ਵੀਡੀਓਜ਼ ਅਤੇ ਵੱਖ-ਵੱਖ ਵਿਸ਼ਿਆਂ ਦੇ ਪਾਠਾਂ ਦੇ ਐਜੂਸੈੱਟ ਲੈਕਚਰ ਅਪਲੋਡ ਕੀਤੇ ਗਏ ਹਨ।

Spread the love