ਸਰਕਾਰ ਨੇ ਜੁਲਾਈ 2021 ਤੋਂ ਪੈਨਸ਼ਨ `ਚ ਵਾਧਾ ਕਰਦਿਆਂ 750 ਤੋਂ ਕੀਤੀ 1500 ਰੁਪਏ
ਵਧੀ ਪੈਨਸ਼ਨ ਪੁੱਜੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ
ਫਾਜ਼ਿਲਕਾ, 7 ਸਤੰਬਰ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ 115183 ਲਾਭਪਾਤਰੀਆਂ ਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਵਜੋਂ 172774500 ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਗਈਆਂ ਹਨ। ਭਾਵੇਂ ਬਜੁਰਗ ਹੋਣ, ਵਿਧਵਾ ਔਰਤਾਂ, ਆਸ਼ਰਿਤ ਬਚੇ ਜਾਂ ਦਿਵਿਆਂਗ ਵਿਅਕਤੀ ਹੋਣ, ਸਾਰਿਆਂ ਨੂੰ ਬਿਹਤਰ ਜਿੰਦਗੀ ਜਿਉਣ ਲਈ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜੁਰਗਾਂ ਲਈ ਬੁਢਾਪਾ ਪੈਨਸ਼ਨ, ਵਿਧਵਾਵਾਂ ਔਰਤਾਂ ਨੂੰ ਵਿਧਵਾ ਪੈਨਸ਼ਨ, ਆਸ਼ਰਿਤਾਂ ਤੇ ਦਿਵਿਆਂਗਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਜੂਨ 2021 ਦੌਰਾਨ ਪ੍ਰਤੀ ਲਾਭਪਾਤਰੀ ਨੂੰ 750 ਰੁਪਏ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਗਈ ਜਿਸ ਨੂੰ ਸਰਕਾਰ ਵੱਲੋਂ ਜੁਲਾਈ 2021 ਤੋਂ ਦੁਗਣੀ ਕਰਦੇ ਹੋਏ 1500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸਦੀ ਪਿਛਲੇ ਦਿਨੀ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਗਣੀ ਕੀਤੀ ਪੈਨਸ਼ਨ ਦੀ ਵੀਡੀਓ ਕਾਨਫਰੈਸਿੰਗ ਪ੍ਰੋਗਰਾਮ ਦੇ ਰਾਹੀਂ ਰਸਮੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋੜਵੰਦਾਂ ਦੀ ਆਰਥਿਕ ਸਥਿਤੀ `ਚ ਹੋਰ ਸੁਧਾਰ ਹੋਵੇਗਾ ਅਤੇ ਘਰ ਦੇ ਵਿਤੀ ਹਾਲਾਤ ਹੋਰ ਬਿਹਤਰ ਹੋ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗੜਵਾਲ ਨੇ ਦੱਸਿਆ ਕਿ ਫਾਜ਼ਿਲਕਾ ਦਫਤਰ ਵੱਲੋਂ ਜੁਲਾਈ ਮਹੀਨੇ ਦੌਰਾਨ 76417 ਬਜੁਰਗ ਲਾਭਪਾਤਰੀਆਂ ਨੂੰ 1500 ਰੁਪਏ ਦੇ ਹਿਸਾਬ ਨਾਲ 11 ਕਰੋੜ 46 ਲੱਖ 25 ਹਜ਼ਾਰ 500 ਰੁਪਏ, 20223 ਵਿਧਵਾ ਔਰਤਾਂ ਨੂੰ 3 ਕਰੋੜ 3 ਲੱਖ 34 ਹਜ਼ਾਰ 500 ਰੁਪਏ, 7685 ਆਸ਼ਰਿਤ ਬੱਚਿਆਂ ਨੂੰ 1 ਕਰੋੜ 15 ਲੱਖ 27 ਹਜ਼ਾਰ 500 ਰੁਪਏ ਅਤੇ 10858 ਦਿਵਿਆਂਗ ਵਿਅਕਤੀਆਂ ਨੂੰ 1 ਕਰੋੜ 62 ਲੱਖ 87 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਵਿਚ 1500 ਰੁਪਏ ਦੇ ਹਿਸਾਬ ਨਾਲ 17 ਕਰੋੜ ਤੋਂ ਵਧੇਰੇ ਰਕਮ ਲਾਭਪਾਤਰੀਆਂ ਦੇ ਖਾਤੇ ਵਿਚ ਜਮ੍ਹਾਂ ਕਰਵਾਈ ਗਈ ਹੈ ਜ਼ੋ ਕਿ ਜੂਨ ਮਹੀਨੇ ਦੌਰਾਨ 8 ਕਰੋੜ ਸੀ ਜ਼ੋ ਕਿ ਜੁਲਾਈ ਮਹੀਨੇ ਦੇ ਮੁਕਾਬਲੇ ਅਧੀ ਸੀ, ਪੈਨਸ਼ਨ ਦੁਗਣੀ ਹੋਣ ਨਾਲ ਲਾਭਪਾਤਰੀਆਂ ਦੀ ਆਰਥਿਕ ਸਥਿਤੀ ਵਿਚ ਹੋਰ ਸੁਧਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਅਰਜੀ ਦੇਣ ਵਾਸਤੇ ਅਤੇ ਵਿਤੀ ਸਹਾਇਤਾ ਹਾਸਲ ਕਰਨ ਲਈ ਸਰਕਾਰ ਵੱਲੋਂ ਵੱਖ-ਵੱਖ ਕੈਟਾਗਰੀ ਲਈ ਮਾਪਦੰਡ ਰੱਖੇ ਗਏ ਹਨ ਜਿਸ ਸਬੰਧੀ ਵੇਰਵੇ ਸਹਿਤ ਜਾਣਕਾਰੀ ਲਈ ਪ੍ਰਬੰਧਕੀ ਕੰਪਲੈਕਸ ਦੇ ਸੀ ਬਲਾਕ ਵਿਖੇ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਫਾਜ਼ਿਲਕਾ ਦੀ ਪਹਿਲੀ ਮੰਜ਼ਲ ਕਮਰਾ ਨੰ. 201-202 ਵਿਖੇ ਪਹੰੁਚ ਕੇ ਜਾਂ ਦਫਤਰ ਦੇ ਫੋਨ ਨੰ. 01638-266033 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪੈਨਸ਼ਨ ਵਿੱਚ ਕੀਤੇ ਗਏ ਵਾਧੇ ਤਹਿਤ ਸਰਕਾਰ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਬਲਵਿੰਦਰ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ ਜੋ ਉਨ੍ਹਾਂ ਦੀ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਸੌਖਾਲਾ ਹੋ ਜਾਵੇਗਾ ਅਤੇ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਆਵੇਗਾ।