—ਪਿੰਡ ਡੰਗਰ ਖੇੜਾ ਦੇ ਕਿਸਾਨ ਰਮੇਸ ਕੁਮਾਰ ਨੂੰ ਨਰਮਾ ਆਇਆ ਰਾਸ
ਫਾਜ਼ਿਲਕਾ, 8 ਅਕਤੂਬਰ:
ਪਿੰਡ ਡੰਗਰ ਖੇੜਾ ਵਿਖੇ ਜਿੱਥੇ ਨਵੀਂ ਪੀੜ੍ਹੀ ਮਿਹਨਤ ਨਾਲ ਪੜਾਈ ਕਰਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਿਚ ਮੋਹਰੀ ਹੈ ਉਥੇ ਹੀ ਇਸ ਪਿੰਡ ਦੇ ਕਿਸਾਨ ਵੀ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ।
ਪਿੰਡ ਦਾ ਕਿਸਾਨ ਰਮੇਸ ਕੁਮਾਰ, ਜ਼ੋ ਪਿੱਛਲੇ ਕਈ ਸਾਲਾਂ ਤੋਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਕਿਸਾਨ ਮੇਲਿਆਂ ਵਿਚ ਖੇਤੀ ਗਿਆਨ ਦੀ ਰੌਸ਼ਨੀ ਲੈਣ ਜਾਂਦਾ ਹੈ ਅਤੇ ਸਦਾ ਖੇਤੀਬਾੜੀ ਵਿਭਾਗ ਨਾਲ ਜ਼ੁੜਿਆ ਰਹਿੰਦਾ ਹੈ ਦਾ ਇਸ ਵਾਰ ਨਰਮਾ ਚੰਗਾ ਹੋਣ ਜਾ ਰਿਹਾ ਹੈ।
ਰਮੇਸ ਕੁਮਾਰ ਦੱਸਦਾ ਹੈ ਕਿ ਉਸਦੇ ਕੋਲ ਸਵਾ ਤਿੰਨ ਏਕੜ ਜਮੀਨ ਹੈ ਅਤੇ ਉਸਨੇ ਪੌਣੇ ਤਿੰਨ ਏਕੜ ਨਰਮਾ ਬੀਜਿਆ ਸੀ। ਉਹ ਆਖਦਾ ਹੈ ਕਿ ਸਰਕਾਰ ਵੱਲੋਂ ਮੁਹਈਆ ਕਰਵਾਏ ਸਮੇਂ ਸਿਰ ਨਹਿਰੀ ਪਾਣੀ ਦਾ ਹੀ ਨਤੀਜਾ ਸੀ ਕਿ ਨਰਮੇ ਦੀ ਬਿਜਾਈ ਸਮੇਂ ਸਿਰ ਹੋ ਸਕੀ ਅਤੇ ਨਰਮੇ ਨੂੰ ਪੈਣ ਵਾਲੀਆਂ ਆਫਤਾਂ ਤੋਂ ਪਹਿਲਾਂ ਹੀ ਫਸਲ ਪੂਰਾ ਵਾਧਾ ਕਰ ਗਈ ਅਤੇ ਭਰਪੂਰ ਫਲ ਲੱਗਿਆ। ਜਿਕਰਯੋਗ ਹੈ ਕਿ ਇਸ ਸਾਲ ਕਿਸਾਨਾਂ ਦੀ ਮੰਗ ਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਨਰਮੇ ਦੀ ਕਾਸਤ ਲਈ ਭਰਪੂਰ ਪਾਣੀ ਦਿੱਤਾ ਸੀ ਜਿਸ ਨਾਲ ਨਰਮੇ ਦੀ ਅਗੇਤੀ ਬਿਜਾਈ ਹੋ ਗਈ ਸੀ।
ਨਰਮੇ ਦੀ ਪੂਰੀ ਫਸਲ ਦੌਰਾਨ ਉਹ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਜੁੜਿਆ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ਼ ਕੇਂਦਰ ਅਬੋਹਰ ਅਤੇ ਫਰੀਦਕੋਟ ਦੇ ਮਾਹਿਰ ਜਿਵੇਂ ਡਾ: ਜਗਦੀਸ਼ ਅਰੋੜਾ, ਡਾ: ਮਨਪ੍ਰੀਤ ਸਿੰਘ, ਡਾ: ਸਤਨਾਮ ਸਿੰਘ ਆਦਿ ਦੀ ਲਗਾਤਾਰ ਸਲਾਹ ਲੈਂਦਾ ਰਿਹਾ ਜਿਸ ਨਾਲ ਉਹ ਚੰਗੀ ਫਸਲ ਲੈਣ ਵਿਚ ਸਫਲ ਹੋਇਆ ਹੈ। ਉਹ ਆਖਦਾ ਹੈ ਕਿ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਤਾਂਹੀ ਕੰਮ ਕਰ ਸਕਦੀ ਸੀ ਜ਼ੇਕਰ ਨਹਿਰੀ ਪਾਣੀ ਹੋਵੇ।
ਰਮੇਸ ਕੁਮਾਰ ਦੱਸਦਾ ਹੈ ਕਿ ਹੁਣ ਤੱਕ ਉਹ 18 ਕੁਇੰਟਲ ਨਰਮਾ ਚੁਗ ਚੁੱਕਾ ਹੈ ਅਤੇ ਦੂਜੀ ਚੁਗਾਈ ਚੱਲ ਰਹੀ ਹੈ। ਉਸਨੂੰ 10 ਤੋਂ 11 ਕੁਇੰਟਲ ਪ੍ਰਤੀ ਏਕੜ ਦਾ ਝਾੜ ਰਹਿਣ ਦੀ ਆਸ ਹੈ। ਉਹ ਹੋਰਨਾਂ ਕਿਸਾਨਾਂ ਨੂੰ ਸੰਦੇਸ਼ ਦਿੰਦਿਆਂ ਆਖਦਾ ਹੈ ਕਿ ਜ਼ੇਕਰ ਖੇਤੀਬਾੜੀ ਵਿਭਾਗ ਅਤੇ ਪੀਏਯੂ ਦੀ ਮਾਹਿਰਾਂ ਦੀ ਮੰਨੀ ਜਾਵੇ ਤਾਂ ਪੰਜਾਬ ਦਾ ਕਿਸਾਨ ਕੋਈ ਵੀ ਫਸਲ ਪੈਦਾ ਕਰ ਸਕਦਾ ਹੈ। ਉਸਨੇ ਕਿਹਾ ਕਿ ਕੀੜਿਆਂ ਦੀ ਰੋਕਥਾਮ ਹੁਣ ਇਕ ਵਿਗਿਆਨ ਹੈ ਅਤੇ ਸਪ੍ਰੇਅ ਦੇ ਨਾਲ ਨਾਲ ਸਪ੍ਰੇਅ ਤਕਨੀਕ ਨੂੰ ਸਮਝਣਾ ਅਤੇ ਕੀਟਨਾਸ਼ਕਾਂ ਦੀ ਸਹੀ ਚੋਣ ਆਦਿ ਸਾਰੇ ਪੱਖ ਮਹੱਤਵਪੂਰਨ ਹਨ। ਉਹ ਆਖਦਾ ਹੈ ਕਿ ਨਰਮਾ ਹੀ ਇਸ ਇਲਾਕੇ ਲਈ ਇਕੋ ਇਕ ਬਦਲ ਹੈ ਅਤੇ ਇਸ ਦੀ ਕਾਸਤ ਵਿਚ ਸਫਲਤਾ ਯਕੀਨੀ ਹੈ ਜ਼ੇਕਰ ਵਿਭਾਗ ਦੀ ਰਾਏ ਅਨੁਸਾਰ ਚੱਲਿਆ ਜਾਵੇ।