ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪੋਸ਼ਣ ਪੱਖਵਾੜਾ ਤਹਿਤ ਕਰਵਾਏ ਗਏ ਵਿਸ਼ੇਸ਼ ਲੈਕਚਰ
—ਪੌਸ਼ਟਿਕ ਆਹਾਰ ਵਿਸ਼ੇ ਉੱਤੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ
ਡੇਰਾਬੱਸੀ 15 ਸਤੰਬਰ:
ਸਰਕਾਰੀ ਕਾਲਜ ਡੇਰਾਬੱਸੀ ਵਿਖੇ ਅੱਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਹੋਮ ਸਾਇੰਸ ਵਿਭਾਗ ਅਤੇ ਐੱਨ. ਐੱਸ. ਐੱਸ. ਯੂਨਿਟ ਵੱਲੋਂ ਪੋਸ਼ਣ ਪੱਖਵਾੜਾ ਤਹਿਤ ਵਿਸ਼ੇਸ਼ ਲੈਕਚਰ ਕਰਵਾਏ ਗਏ। ਪੀ.ਜੀ.ਆਈ. ਦੇ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਪੂਨਮ ਖੰਨਾ ਨੇ ਖੂਨ ਦੀ ਕਮੀ ਅਤੇ ਮਾਹਵਾਰੀ ਸਿਹਤ ਵਿਗਿਆਨ ਨਾਲ ਸਬੰਧਿਤ ਬਹੁਤ ਵਡਮੁੱਲੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।
ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਕਾਮਨਾ ਗੁਪਤਾ ਨੇ ਦੱਸਿਆ ਕਿ ਇਸ ਦੌਰਾਨ ਖੂਨ ਦੀ ਕਮੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਸਦੀ ਰੋਕਥਾਮ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ । ਲੈਕਚਰ ਵਿਚ ਡੀ.ਐੱਸ.ਟੀ. ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਤੋਂ ਸਾਇੰਟੈਸਟ ਡਾ. ਰਚਨਾ ਸ੍ਰੀਵਾਸਤਵ ਨੇ ਪੀ.ਸੀ.ਓ.ਐੱਸ. ਬਿਮਾਰੀ ਅਤੇ ਜੀਵਨਸ਼ੈਲੀ ਨਾਲ ਸਬੰਧਿਤ ਹੋਰ ਬਿਮਾਰੀਆਂ ਨਾਲ ਲੜਨ ਲਈ ਖ਼ੁਰਾਕ ਦੇ ਯੋਗਦਾਨ ਅਤੇ ਮਹੱਤਵ ਸਬੰਧੀ ਜਾਣਕਾਰ ਦਿੰਦਿਆਂ ਅਜਿਹੀਆਂ ਬਿਮਾਰੀਆਂ ਵਿਚ ਹਾਰਮੋਨਲ ਅਸੰਤੁਲਨ ਦੀ ਭੂਮਿਕਾ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ।
ਉਨ੍ਹਾਂ ਨੇ ਅੱਜ ਦੇ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਆਪਣੀ ਸਿਹਤ ਬਾਰੇ ਖੁਦ ਜਾਗਰੂਕ ਹੋਣ ਅਤੇ ਆਪਣੇ ਆਸ ਪਾਸ ਇਹ ਜਾਣਕਾਰੀ ਵੰਡ ਕੇ ਸਮਾਜ ਨੂੰ ਸਿਹਤਮੰਦੀ ਵੱਲ ਲਿਜਾਣ ਲਈ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਪੌਸ਼ਟਿਕ ਆਹਾਰ ਵਿਸ਼ੇ ਉੱਪਰ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੀਏ ਭਾਗ ਦੂਜਾ ਦੀ ਵਿਦਿਆਰਥਣ ਮਨੀਸ਼ਾ ਨੇ ਪਹਿਲਾ ਸਥਾਨ, ਬੀਏ ਭਾਗ ਤੀਜਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਦੂਜਾ ਅਤੇ ਬੀਏ ਭਾਗ ਦੂਜਾ ਦੀ ਵਿਦਿਆਰਥਣ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ । ਉਨ੍ਹਾਂ ਦੱਸਿਆ ਮੰਚ ਦਾ ਸੰਚਾਲਨ ਪ੍ਰੋ. ਸੁਜਾਤਾ ਕੌਸ਼ਲ ਨੇ ਬਾਖੂਬੀ ਕੀਤਾ। ਇਸ ਸਮਾਗਮ ਦੌਰਾਨ ਸਮੂਹ ਸਟਾਫ ਅਤੇ ਲਗਭੱਗ 280 ਵਿਦਿਆਰਥਣਾਂ ਹਾਜ਼ਰ ਸਨ ।