ਜਿਲ੍ਹੇ ‘ਚ 22 ਜੁਲਾਈ ਨੂੰ ਲਗਾਏ ਜਾਣਗੇ ਵਿਸ਼ਾਲ “ਲਾਇਬ੍ਰੇਰੀ ਲੰਗਰ”
ਬਰਨਾਲਾ ,15 ਜੁਲਾਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਾਠਕ੍ਰਮ ਦੀ ਪੜ੍ਹਾਈ ਦੇ ਨਾਲ ਨਾਲ ਲਾਇਬ੍ਰੇਰੀ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਲਈ ਵਿਭਾਗ ਵੱਲੋਂ “ਲਾਇਬ੍ਰੇਰੀ ਲੰਗਰ” ਦੀ ਵਿਲੱਖਣ ਮੁਹਿੰਮ ਚਲਾਈ ਜਾ ਰਹੀ ਹੈ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਵਿਭਾਗ ਦੀ ” ਲਾਇਬ੍ਰੇਰੀ ਲੰਗਰ” ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਪਾਠਕ੍ਰਮ ਦੀ ਪੜ੍ਹਾਈ ਦੇ ਨਾਲ ਨਾਲ ਸਾਹਿਤਕ ਪੁਸਤਕਾਂ ਦਾ ਵੀ ਵਿਦਿਆਰਥੀਆਂ ਲਈ ਬੜਾ ਅਹਿਮ ਹੁੰਦਾ ਹੈ।ਜਿੱਥੇ ਪਾਠਕ੍ਰਮ ਦੀਆਂ ਪੁਸਤਕਾਂ ਵਿਦਿਆਰਥੀਆਂ ਨੂੰ ਵਧੀਆ ਅੰਕ ਪ੍ਰਾਪਤ ਕਰਨ ਦੇ ਯੋਗ ਬਣਾਉਂਦੀਆਂ ਹਨ ਉੱਥੇ ਹੀ ਸਾਹਿਤਕ ਪੁਸਤਕਾਂ ਵਿਦਿਆਰਥੀਆਂ ਨੂੰ ਸੁਚੱਜੀ ਜੀਵਨ ਜਾਚ ਸਿਖਾਉਂਦੀਆਂ ਹਨ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਮਾਨਸਿਕ ਤਣਾਅ ਵਾਲੇ ਕੋਰੋਨਾ ਕਾਲ ਦੌਰਾਨ ਪੁਸਤਕਾਂ ਦਾ ਅਹਿਮ ਹੋਰ ਵੀ ਵਧ ਜਾਂਦਾ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀ ਜੀਵਨ ‘ਚ ਪੁਸਤਕਾਂ ਦੀ ਅਹਿਮੀਅਤ ਨੂੰ ਵੇਖਦਿਆਂ ਵਿਭਾਗ ਵੱਲੋਂ “ਲਾਇਬ੍ਰੇਰੀ ਲੰਗਰ” ਮੁਹਿੰਮ ਜਰੀਏ ਹਰ ਵਿਦਿਆਰਥੀ ਤੱਕ ਪੁਸਤਕ ਦੀ ਪਹੁੰਚ ਯਕੀਨੀ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਮੌਜ਼ੂਦਾ ਕੋਰੋਨਾ ਹਾਲਤ ਦੌਰਾਨ ਜਦੋਂ ਵਿਦਿਆਰਥੀਆਂ ਲਈ ਸਕੂਲ ਬੰਦ ਹਨ ਤਾਂ ਅਧਿਆਪਕਾਂ ਵੱਲੋਂ ਵੱਖ ਵੱਖ ਥਾਵਾਂ ‘ਤੇ ਪੁਸਤਕਾਂ ਦੇ ਲੰਗਰ ਲਗਾ ਕੇ ਵਿਦਿਆਰਥੀਆਂ ਤੱਕ ਪੁਸਤਕਾਂ ਪਹੁੰਚਾਈਆਂ ਜਾ ਰਹੀਆਂ ਹਨ।ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਸਰਕਾਰੀ ਸਕੂਲਾਂ ਵੱਲੋਂ ਰੋਜ਼ਾਨਾ ਲਗਾਏ ਜਾ ਰਹੇ
“ਲਾਇਬ੍ਰੇਰੀ ਲੰਗਰ” ਦੇ ਨਾਲ ਨਾਲ 22 ਜੁਲਾਈ ਨੂੰ ਜਿਲ੍ਹੇ ਭਰ ਵਿੱਚ ਵਿਸ਼ੇਸ਼ “ਲਾਇਬ੍ਰੇਰੀ ਲੰਗਰ” ਦਿਵਸ ਮਨਾਇਆ ਜਾਵੇਗਾ।ਇਸ ਦਿਨ ਜਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਸਕੂਲਾਂ,ਧਾਰਮਿਕ ਅਸਥਾਨਾਂ ਅਤੇ ਹੋਰ ਪ੍ਰਮੁੱਖ ਥਾਵਾਂ ‘ਤੇ ਲੰਗਰ ਦੇ ਰੂਪ ਵਿੱਚ ਪੁਸਤਕਾਂ ਉਪਲਬਧ ਕਰਵਾਈਆਂ ਜਾਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ “ਲਾਇਬ੍ਰੇਰੀ ਲੰਗਰ” ਪ੍ਰਤੀ ਸਕੂਲ ਮੁਖੀਆਂ, ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਸਮੇਤ ਸਮੁੱਚੇ ਸਮਾਜ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਹਰੀਸ਼ ਬਾਂਸਲ ਪ੍ਰਿੰਸੀਪਲ ਜਿਲ੍ਹਾ ਮੈਂਟਰ ਵਿਗਿਆਨ, ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਅਤੇ ਕਮਲਦੀਪ ਜਿਲ੍ਹਾ ਮੈਂਟਰ ਗਣਿਤ ਸਮੇਤ ਸਮੂਹ ਵਿਸ਼ਿਆਂ ਦੇ ਜਿਲ੍ਹਾ ਮੈਂਟਰਾਂਂ,ਜਿਲ੍ਹਾ ਰਿਸੋਰਸ ਪਰਸਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵੱਲੋਂ ਲਗਾਏ ਜਾ ਰਹੇ “ਲਾਇਬ੍ਰੇਰੀ ਲੰਗਰ” ਵਿਦਿਆਰਥੀਆਂ ਦੇ ਆਮ ਗਿਆਨ ਵਿੱਚ ਇਜ਼ਾਫਾ ਕਰਨ ਦੇ ਨਾਲ ਨਾਲ ਸਿੱਖਣ ਪ੍ਰਕ੍ਰਿਆ ਨੂੰ ਵੀ ਪ੍ਰਭਾਵੀ ਬਣਾਉਣ ਦਾ ਸਬੱਬ ਬਣਨਗੇ।ਬਿੰਦਰ ਸਿੰਘ ਖੁੱਡੀ ਕਲਾਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਲਾਇਬ੍ਰੇਰੀ ਨਾਲ ਜੁੜ ਕੇ ਵਿਦਿਆਰਥੀ ਪਾਠਕ੍ਰਮ ਦੀਆਂ ਪੁਸਤਕਾਂ ਤੋਂ ਪਾਰ ਦੇ ਸੰਸਾਰ ਦੀ ਜਾਣਕਾਰੀ ਹਾਸਿਲ ਕਰਨ ਦੇ ਸਮਰੱਥ ਬਣਦੇ ਹਨ।ਪੁਸਤਕਾਂ ਵਿਚਲੀਆਂ ਮਹਾਨ ਸਖਸ਼ੀਅਤਾਂ ਦੀਆਂ ਜੀਵਨ ਕਹਾਣੀਆਂ ਵਿਦਿਆਰਥੀਆਂ ਨੂੰ ਆਤਮ ਵਿਸਵਾਸ਼ੀ ਅਤੇ ਦ੍ਰਿੜ ਇਰਾਦਿਆਂ ਦੇ ਗੁਣਾਂ ਦਾ ਧਾਰਨੀ ਬਣਾਉਂਦੀਆਂ ਹਨ।
ਫੋਟੋ ਕੈਪਸ਼ਨ; ਸਰਕਾਰੀ ਸਕੂਲ ਵੱਲੋਂ ਲਗਾਏ “ਲਾਇਬ੍ਰੇਰੀ ਲੰਗਰ” ਤੋਂ ਪੁਸਤਕਾਂ ਪ੍ਰਾਪਤ ਕਰਦੇ ਵਿਦਿਆਰਥੀ।