ਵੱਖ- ਵੱਖ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਬਰਨਾਲਾ, 3 ਜਨਵਰੀ 2024
ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਵੱਲੋਂ ਸੀ.ਐਚ.ਸੀ. ਮਹਿਲ ਕਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਸਪਤਾਲ ਵਿਖੇ ਮਿਲ ਰਹੀਆਂ ਵੱਖ ਵੱਖ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਵੀ ਲਿਆ।
ਹਸਪਤਾਲ ਦੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸਾਡਾ ਮੁੱਢਲਾ ਫਰਜ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਹੈ ਜੋ ਕਿ ਸੀ.ਐਚ.ਸੀ. ਮਹਿਲ ਕਲਾਂ ਬਾਖੂਬੀ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋੜਵੰਦ ਤੇ ਯੋਗ ਵਰਗ ਨੂੰ ਮਿਲਣ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਹੋਰ ਵੱਖ ਵੱਖ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਐਮਰਜੈਂਸੀ, ਓ.ਪੀ.ਡੀ. ਜੱਚਾ-ਬੱਚਾ ਵਿਭਾਗ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੇ ਸਮੂਹ ਸਟਾਫ ਨੂੰ ਸਮੇਂ ਦੀ ਪਾਬੰਧੀ ਤੇ ਅਨੁਸ਼ਾਸਨ ਵਿੱਚ ਰਹਿਣ ਦੀ ਹਦਾਇਤ ਕੀਤੀ।
ਇਸ ਮੌਕੇ ਡਾ. ਗੁਰਤਜਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ, ਸੀ.ਐਚ.ਸੀ. ਮਹਿਲ ਕਲਾਂ, ਸ੍ਰੀ ਕੁਲਜੀਤ ਸਿੰਘ ਬਲਾਕ ਐਜੂਕੇਟਰ, ਚੀਫ਼ ਫਾਰਮੇਸੀ ਅਫ਼ਸਰ ਸ੍ਰੀ ਰਜਿੰਦਰ ਸਿੰਘ, ਸ੍ਰੀਮਤੀ ਮੀਨਾ ਰਾਣੀ ਫਾਰਮੇਸੀ ਅਫ਼ਸਰ, ਸ੍ਰੀਮਤੀ ਜਸਵਿੰਦਰ ਕੌਰ ਸਟਾਫ਼ ਨਰਸ, ਸ੍ਰੀ ਗੁਰਿੰਦਰ ਅੱਤਰੀ, ਸ੍ਰੀ ਹਰਜਿੰਦਰ ਸਿੰਘ ਸਮੇਤ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ।