ਸਿਹਤ ਕੇਂਦਰ ਬੂਥਗੜ੍ਹ ਅਧੀਨ ਪਿੰਡਾਂ ਵਿਚ ਕੋਵਿਡ ਸੈਂਪਲਿੰਗ ਤੇ ਸਰਵੇ ਦਾ ਕੰਮ ਸ਼ੁਰੂ

Sorry, this news is not available in your requested language. Please see here.

ਮਿਸ਼ਨ ਫ਼ਤਿਹ 2
ਘਰ-ਘਰ ਜਾ ਰਹੀਆਂ ਹਨ ਸਿਹਤ ਟੀਮਾਂ, ਪਿੰਡ-ਪਿੰਡ ਹੋਵੇਗੀ ਕੋਵਿਡ ਜਾਂਚ: ਡਾ. ਜਸਕਿਰਨਦੀਪ ਕੌਰ
ਮਹਾਂਮਾਰੀ ਤੋਂ ਮੁਕਤੀ ਲਈ ਐਸ.ਐਮ.ਓ. ਨੇ ਸਰਪੰਚਾਂ ਤੇ ਪਿੰਡ ਵਾਸੀਆਂ ਕੋਲੋਂ ਸਹਿਯੋਗ ਮੰਗਿਆ
ਐਸ.ਏ.ਐਸ ਨਗਰ/ਬੂਥਗੜ੍ਹ, 21 ਮਈ ,2021
ਪੇਂਡੂ ਇਲਾਕਿਆਂ ਵਿਚ ਵਿਆਪਕ ਪੱਧਰ ’ਤੇ ਕੋਵਿਡ ਸੈਂਪਲਿੰਗ/ਟੈਸਟਿੰਗ ਕਰਨ ਦੇ ਮੰਤਵ ਨਾਲ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਫ਼ਤਿਹ 2’ ਮੁਹਿੰਮ ਤਹਿਤ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪਿੰਡਾਂ ਵਿਚ ਕੋਵਿਡ ਟੈਸਟਿੰਗ ਅਤੇ ਘਰ-ਘਰ ਜਾ ਕੇ ਸਰਵੇਖਣ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿਤਾ ਗਿਆ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਨੇ ਦਸਿਆ ਕਿ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੀਆਂ ਹਦਾਇਤਾਂ ’ਤੇ ਸਿਹਤ ਟੀਮਾਂ ਹਰ ਪਿੰਡ ਦੇ ਸਰਪੰਚ ਅਤੇ ਹੋਰ ਪਤਵੰਤਿਆਂ ਨਾਲ ਮੀਟਿੰਗਾਂ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਕੋਵਿਡ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ।
ਮੁਹਿੰਮ ਦੇ ਅੱਜ ਦੂਜੇ ਦਿਨ ਪਿੰਡ ਨਗਲੀਆਂ, ਭੜੌਂਜੀਆਂ, ਤਿਊੜ, ਸੈਣੀ ਮਾਜਰਾ, ਹਰਨਾਮਪੁਰ, ਬੜੌਦੀ, ਸਮੇਤ ਹੋਰ ਪਿੰਡਾਂ ਵਿਚ ਕੋਵਿਡ ਟੈਸਟਿੰਗ ਕੈਂਪ ਲਾਏ ਗਏ। ਉਨ੍ਹਾਂ ਦਸਿਆ ਕਿ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਲਈ ਇਹ ਸਰਵੇਖਣ ਅਗਲੇ ਕੁਝ ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ। ਜਿਥੇ ਸਿਹਤ ਟੀਮਾਂ ਘਰੇਲੂ ਇਕਾਂਤਵਾਸ ਹੋਏ ਮਰੀਜ਼ਾਂ ਦੀ ਨਿਗਰਾਨੀ ਕਰ ਰਹੀਆਂ ਹਨ, ਉਥੇ ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਵੀ ਲਗਾਤਾਰ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਐਸ.ਐਮ.ਓ. ਮੁਤਾਬਕ ਕਮਿਊਨਿਟੀ ਹੈਲਥ ਅਫ਼ਸਰਾਂ ਦੀ ਅਗਵਾਈ ਵਿਚ ਮਲਟੀਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਹਰ ਪਿੰਡ ਵਿਚ ਘਰ-ਘਰ ਜਾ ਕੇ ਬੁਖ਼ਾਰ/ਸਾਹ ਸਬੰਧੀ ਗੰਭੀਰ ਇੰਫ਼ੈਕਸ਼ਨ ਤੋਂ ਪੀੜਤ ਮਰੀਜ਼ਾਂ ਦਾ ਸਰਵੇਖਣ ਕਰ ਰਹੇ ਹਨ ਜਿਸ ਉਪਰੰਤ ਸ਼ੱਕੀ ਮਰੀਜ਼ਾਂ ਦੀ ਜਾਣਕਾਰੀ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦਾ ਟੀਚਾ ਪਿੰਡਾਂ ਨੂੰ ਕੋਵਿਡ-ਮੁਕਤ ਬਣਾਉਣਾ ਹੈ ਤੇ ਇਸ ਮੰਤਵ ਦੀ ਪੂਰਤੀ ਲਈ ਪਿੰਡਾਂ ਦੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਡਾ. ਜਸਕਿਰਨ ਨੇ ਆਖਿਆ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਤਾਕਿ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ। ਐਸ.ਐਮ.ਓ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ ਵਾਰ ਹੱਥ ਧੋਣ ਅਤੇ ਮਾਸਕ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਡਾ. ਮਾਹਲ, ਨੋਡਲ ਅਫ਼ਸਰ ਡਾ. ਸਿਮਨਦੀਪ ਕੌਰ ਢਿੱਲੋਂ, ਡਾ. ਅਰੁਣ ਬਾਂਸਲ, ਡਾ. ਸਨਜੋਤ, ਡਾ. ਹਰਪ੍ਰੀਤ, ਡਾ. ਵਿਕਾਸ, ਡਾ. ਸੁਬਿਨ, ਹੈਲਥ ਇੰਸਪੈਕਟਰ ਸਵਰਨ ਸਿੰਘ ਆਦਿ ਮੌਜੂਦ ਸਨ।

Spread the love