*ਔਰਤਾਂ ਨੇ ਦਸਤਕਾਰੀ ਵਸਤਾਂ ਦੀ ਖ਼ਰੀਦਦਾਰੀ ਅਤੇ ਮਹਿੰਦੀ ਲਈ ਦਿਖਾਇਆ ਵਿਸ਼ੇਸ਼ ਉਤਸ਼ਾਹ
ਨਵਾਂਸ਼ਹਿਰ, 3 ਨਵੰਬਰ :
ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਦੇ ਸਵੈ-ਸਹਾਈ ਸਮੂਹਾਂ ਦੀਆਂ ਔਰਤਾਂ ਦੁਆਰਾ ਹੱਥੀਂ ਤਿਆਰ ਕੀਤੇ ਗਏ ਉਤਪਾਦਾਂ ਦੀ ਲਗਾਈ ਗਈ ਤਿੰਨ ਰੋਜ਼ਾ ਪ੍ਰਦਰਸ਼ਨੀ ‘ਨਵੀਂ ਉਡਾਨ-ਆਜੀਵਿਕਾ ਹਾਟ’ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲੇ ਵਿਚ ਸਵੈ-ਸਹਾਈ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਇਸ ਉਪਰਾਲੇ ਤਹਿਤ ਨਵਾਂਸ਼ਹਿਰ ਵਿਖੇ 1 ਤੋਂ 3 ਨਵੰਬਰ ਤੱਕ ਪਿੰਡਾਂ ਦੇ ਸਵੈ-ਸਹਾਈ ਸਮੂਹਾਂ ਦੀਆਂ ਕਾਰੀਗਰ ਔਰਤਾਂ ਵੱਲੋਂ ਤਿਆਰ ਕੀਤੇ ਗਏ ਦਿਲਕਸ਼ ਦਸਤਕਾਰੀ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਖ਼ਰੀਦਦਾਰੀ ਲਈ ਉਪਲਬੱਧ ਦਸਤਕਾਰੀ ਵਸਤਾਂ ਵਿਚ ਹੈਂਡ ਬੈਗ, ਬਾਂਸ ਦੀਆਂ ਟੋਕਰੀਆਂ, ਖਿਡੌਣੇ, ਕੀ ਹੋਲਡਰ, ਮਿਰਰ ਹੋਲਡਰ, ਪੱਖੀਆਂ, ਝੂਲੇ, ਫੁੱਲਕਾਰੀਆਂ, ਕਢਾਈਦਾਰ ਟੇਬਲ ਦੇ ਕੱਪੜੇ, ਹੱਥੀਂ ਬੁਣੀਆਂ ਉੱਨ ਦੀਆਂ ਪੁਸ਼ਾਕਾਂ, ਰੰਗੀਨ ਮੈਟ, ਸਜਾਵਟੀ ਆਈਟਮਾਂ, ਹੈਂਡਮੇਡ ਬੈਂਗਲਜ਼ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਦਸਤਕਾਰੀ ਵਸਤਾਂ ਸ਼ਾਮਿਲ ਸਨ, ਜਿਨਾਂ ਦੀ ਖ਼ਰੀਦਕਾਰੀ ਲਈ ਔਰਤਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਗਿਆ। ਇਸ ਤੋਂ ਇਲਾਵਾ ਮਹਿੰਦੀ ਲਗਾਉਣ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ, ਜਿਸ ਵਿਚ ਮੁਟਿਆਰਾਂ ਨੇ ਵਿਸ਼ੇਸ਼ ਰੁਚੀ ਦਿਖਾਈ। ਇਸ ਮੌਕੇ ਸਵੈ-ਸਹਾਈ ਸਮੂਹਾਂ ਵੱਲੋਂ ਤਿਆਰ ਕੀਤੇ ਗਏ ਡਿਸ਼ ਵਾਸ਼, ਹੈਂਡ ਵਾਸ਼ ਅਤੇ ਫਿਨਾਈਲ ਆਦਿ ਨੂੰ ਵੀ ਚੰਗਾ ਹੁੰਗਾਰਾ ਮਿਲਿਆ।
ਇਸ ਮੌਕੇ ਭਗੌਰਾਂ, ਦਿਲਾਵਰਪੁਰ, ਦੌਲਤਪੁਰ, ਸਨਾਵਾ ਆਦਿ ਪਿੰਡਾਂ ਦੇ ਸਵੈ-ਸਹਾਈ ਸਮੂਹਾਂ ਦੀਆਂ ਮੈਂਬਰ ਔਰਤਾਂ ਖੁਸ਼ਕਿਸਮਤ ਕੌਰ, ਦਲਜੀਤ ਕੌਰ, ਰਣਜੀਤ ਕੌਰ, ਰਾਧਿਕਾ ਅਤੇ ਊਸ਼ਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੀ ਇਸ ਪਹਿਲ ਸਦਕਾ ਉਨਾਂ ਨੂੰ ਵਿਸ਼ੇਸ਼ ਉਤਸ਼ਾਹ ਅਤੇ ਹੌਸਲਾ ਮਿਲਿਆ ਹੈ। ਉਨਾਂ ਕਿਹਾ ਕਿ ਇਸ ਨਾਲ ਉਨਾਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਲਈ ਇਕ ਵਧੀਆ ਪਲੇਟਫਾਰਮ ਮੁਹੱਈਆ ਹੋਇਆ ਹੈ ਅਤੇ ਉਨਾਂ ਦੇ ਸਮੂਹਾਂ ਦੀ ਪਹਿਚਾਣ ਬਣੀ ਹੈ। ਉਨਾਂ ਦੱਸਿਆ ਕਿ ਕਈ ਲੋਕਾਂ ਤੋਂ ਉਨਾਂ ਨੂੰ ਵੱਖ-ਵੱਖ ਉਤਪਾਦਾਂ ਲਈ ਆਰਡਰ ਵੀ ਪ੍ਰਾਪਤ ਹੋਏ ਹਨ। ਉਨਾਂ ਜ਼ਿਲੇ ਦੇ ਸਵੈ-ਸਹਾਈ ਸਮੂਹਾਂ ਨੂੰ ਹੁਲਾਰਾ ਦੇਣ ਦੀ ਕੀਤੀ ਇਸ ਪਹਿਲ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ।