ਕਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਸੈਂਪਲਿੰਗ ਤੇ ਵੈਕਸੀਨੇਸ਼ਨ ਕੈਂਪ ਜਾਰੀ
ਫਾਜ਼ਿਲਕਾ, 25 ਜੂਨ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਰੋਨਾ ਦੀ ਤਾਜਾ ਸਥਿਤੀ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ 19093 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 19925 ਵਿਅਕਤੀ ਪਾਜੀਟਿਵ ਆਏ ਹਨ।ਉਨ੍ਹਾਂ ਦੱਸਿਆ ਕਿ ਅੱਜ 13 ਜਣੇ ਜਿਥੇ ਪਾਜੀਟਿਵ ਆਏ ਹਨ ਉਥੇ 35 ਜਣਿਆਂ ਨੇ ਕਰੋਨਾ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ 316 ਹੈ ਅਤੇ ਮੌਤਾਂ ਦੀ ਗਿਣਤੀ 516 ਹੋ ਗਈ ਹੈ।
ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਕਰੋਨਾ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਤਹਿਸੀਲ ਫਾਜ਼ਿਲਕਾ ਦੀਆਂ ਵੱਖ-ਵੱਖ ਥਾਵਾਂ `ਤੇ ਟੈਸਟਿੰਗ ਅਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੜਾਅ ਵਾਰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵਿਅਕਤੀ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ ਤੇ ਵੈਕਸੀਨੇਸ਼ਨ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਕਾਰਗਰ ਸਿੱਧ ਹੋ ਰਹੀ ਹੈ।
ਐਸ.ਡੀ.ਐਮ ਸ੍ਰੀ ਗੋਇਲ ਨੇ ਕਿਹਾ ਕਿ ਅੱਜ ਇਸਲਾਮ ਵਾਲਾ, ਬਹਿਕ ਖਾਸ, ਝੋਟਿਆਂ ਵਾਲੀ, ਡਬਵਾਲਾ ਕਲਾਂ, ਰਾਧਾ ਸਵਾਮੀ ਸਤਸੰਗ ਘਰ ਮੌਜਮ ਵਿਖੇ ਸੈਂਪਲਿੰਗ ਕੈਂਪ ਲਗਾਇਆ।ਇਸ ਤੋਂ ਇਲਾਵਾ ਅਰਨੀਵਾਲਾ ਸ਼ੇਖ ਸੁਭਾਨ, ਸ਼ਿਵਾਲਿਕ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ, ਸਿਵਲ ਹਸਪਤਾਲ ਫਾਜ਼ਿਲਕਾ, ਆਸਫ ਵਾਲਾ, ਲਾਲੋ ਵਾਲੀ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।
ਐਸ.ਡੀ.ਐਮ. ਸ੍ਰੀ ਗੋਇਲ ਨੇ ਕਿਹਾ ਕਿ ਕੈਂਪ ਲਗਾਉਣ ਦਾ ਮੰਤਵ ਕਰੋਨਾ ਦੇ ਪ੍ਰਭਾਵ ਨੂੰ ਫੈਲਣ ਤੋਂ ਜਲਦ ਤੋਂ ਜਲਦ ਰੋਕਣਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟਿੰਗ ਹੋਣ ਨਾਲ ਇਸ ਦਾ ਫੈਲਾਅ ਰੁਕ ਜਾਂਦਾ ਹੈ ਤੇ ਇਸ ਦਾ ਖਤਰਾ ਵੀ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸਮੇਂ ਸਿਰ ਟੈਸਟਿੰਗ ਜ਼ਰੂਰੀ ਹੈ ਉਥੇ ਵੈਕਸੀਨੇਸ਼ਨ ਵੀ ਬਹੁਤ ਲਾਜਮੀ ਹੈ।