ਪਟਿਆਲਾ, 25 ਸਤੰਬਰ:
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਪਟਿਆਲਾ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 28 ਤੇ 29 ਸਤੰਬਰ ਨੂੰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਰੋਜ਼ਗਾਰ ਮੇਲਾ ਲਾਇਆ ਜਾ ਰਿਹਾ ਹੈ।
ਇਸ ਦੋ ਰੋਜ਼ਾ ਰੋਜ਼ਗਾਰ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਉਤਪਤੀ ਤੇ ਟਰੇਨਿੰਗ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਇਸ ਮੇਲੇ ‘ਚ 20 ਤੋਂ ਵੱਧ ਕੰਪਨੀਆਂ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦੌਰਾਨ ਵੱਧ ਤੋਂ ਵੱਧ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਸਿੰਪੀ ਸਿੰਗਲਾ ਨੇ ਦੱਸਿਆ ਕਿ ਮੇਲੇ ‘ਚ ਹਿੱਸਾ ਲੈਣ ਲਈ ਰਜਿਸਟਰਡ ਪ੍ਰਾਰਥੀ ਆਪਣਾ ਇੰਟਰਵਿਊ ਸ਼ਡਿਊਲ www.pgrkam.com ‘ਤੇ ਡਾਊਨਲੋਡ ਕਰਕੇ ਭਾਗ ਲੈ ਸਕਣਗੇ ਅਤੇ ਜੇ ਕੋਈ ਪ੍ਰਾਰਥੀ ਜਿਸਨੇ www.pgrkam.comਪੋਰਟਲ ਉਤੇ ਨੌਕਰੀ ਲਈ ਅਪਲਾਈ ਨਹੀਂ ਕੀਤਾ ਇਸ ਰੋਜ਼ਗਾਰ ਮੇਲੇ ਵਿਚ ਭਾਗ ਲੈਣ ਦਾ ਚਾਹਵਾਨ ਹੈ ਤਾਂ ਉਹ ਪੋਰਟਲ ਉਤੇ ਰੋਜ਼ਗਾਰ ਮੇਲੇ ਵਿਚ ਭਾਗ ਲੈਣ ਵਾਲੀਆਂ ਕੰਪਨੀਆਂ ਦੇਖ ਕੇ ਲੋੜੀਂਦੀ ਯੋਗਤਾ ਦੇ ਦਸਤਾਵੇਜ ਲੈ ਕੇ ਰੋਜ਼ਗਾਰ ਮੇਲੇ ਵਿਚ ਭਾਗ ਲੈ ਸਕਦਾ ਹੈ।
ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਸਰਕਾਰੀ ਕਾਲਜ ਲੜਕੀਆਂ ਵਿਖੇ ਲੱਗਣ ਵਾਲਾ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਪ੍ਰੋਟੋਕਾਲ ਨੂੰ ਧਿਆਨ ‘ਚ ਰੱਖਕੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦਾ ਸਮਾਂ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ ਅਤੇ ਪ੍ਰਾਰਥੀ ਸਵੇਰੇ 9:00 ਵਜੇ ਸਰਕਾਰੀ ਕਾਲਜ ਲੜਕੀਆਂ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 9877610877 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।