ਪਿੰਡ ਕੁਰੜਾ ਵਿੱਚ 54 ਲੱਖ ਦੀ ਲਾਗਤ ਨਾਲ ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ

Sorry, this news is not available in your requested language. Please see here.

ਸਿਹਤ ਮੰਤਰੀ ਨੇ ਕੀਤਾ ਕਲੀਨਿਕ ਦੀ ਆਲੀਸ਼ਾਨ ਇਮਾਰਤ ਦਾ ਉਦਘਾਟਨ; ਇਲਾਕੇ ਦੇ ਪਿੰਡਾਂ ਨੂੰ ਹੋਵੇਗਾ ਲਾਭ
ਸਭ ਤੋਂ ਵੱਧ ਹੈਲਥ ਐਂਡ ਵੈਲਨੈੱਸ ਸੈਂਟਰ ਸ਼ੁਰੂ ਕਰਨ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਅੱਵਲ: ਬਲਬੀਰ ਸਿੰਘ ਸਿੱਧੂ
ਐਸ.ਏ.ਐਸ. ਨਗਰ, 12 ਸਤੰਬਰ 2021
ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਨ ਦੇ ਉਦੇਸ਼ ਨਾਲ ਅੱਜ ਮੋਹਾਲੀ ਹਲਕੇ ਦੇ ਪਿੰਡ ਕੁਰੜਾ ਵਿੱਚ ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ ਕੀਤਾ ਗਿਆ। ਤਕਰੀਬਨ 54 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਕਲੀਨਿਕ ਦਾ ਉਦਘਾਟਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ।
ਇਸ ਮੌਕੇ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ ਕਰਨ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਹੈ, ਜਿਸ ਨੇ ਅਪਰੈਲ ਤੱਕ 1435 ਦੇ ਟੀਚੇ ਦੇ ਮੁਕਾਬਲੇ 2820 ਹੈਲਥ ਐਂਡ ਵੈਲਨੈੱਸ ਕਲੀਨਿਕ ਸ਼ੁਰੂ ਕੀਤੇ, ਜੋ ਟੀਚੇ ਤੋਂ 180 ਫੀਸਦੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਪਾਬੰਦੀਆਂ ਦੇ ਬਾਵਜੂਦ ਇਨ੍ਹਾਂ ਸੈਂਟਰਾਂ ਵਿੱਚ ਪਿਛਲੇ ਸਾਲ ਦੌਰਾਨ 65.2 ਲੱਖ ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ, ਜਿਸ ਤੋਂ ਇਨ੍ਹਾਂ ਕਲੀਨਿਕਾਂ ਦੀ ਕਾਰਜਕੁਸ਼ਲਤਾ ਦਾ ਪਤਾ ਚਲਦਾ ਹੈ।
ਮੇਅਰ ਨਗਰ ਨਿਗਮ ਮੁਹਾਲੀ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੀ ਹਾਜ਼ਰੀ ਵਿੱਚ ਹੋਏ ਇਸ ਇਕੱਠ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਕੁਰੜਾ ਵਿੱਚ ਹਸਪਤਾਲ ਦੀ ਆਲੀਸ਼ਾਨ ਇਮਾਰਤ ਤਿਆਰ ਹੈ, ਜਿਸ ਵਿੱਚ ਮੈਡੀਕਲ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦਾ ਪਿੰਡ ਕੁਰੜਾ ਦੇ ਨਾਲ-ਨਾਲ ਇਲਾਕੇ ਦੇ ਹੋਰ ਪਿੰਡਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਵਿੱਚ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਦੇਵੇਗਾ ਅਤੇ ਲੋੜ ਪੈਣ ਉਤੇ ਹੋਰ ਬਿਮਾਰੀਆਂ ਦੇ ਮਾਹਰਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਨੇੜੇ ਹੀ ਸਿਹਤ ਸਹੂਲਤਾਂ ਮਿਲ ਸਕਣ।
ਇਸ ਮੌਕੇ ਉਨ੍ਹਾਂ ਪਿੰਡ ਕੁਰੜੀ ਦੀ ਮੁਸਲਿਮ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਅਤੇ ਧਰਮਸ਼ਾਲਾ ਲਈ 3 ਲੱਖ ਰੁਪਏ ਦੀ ਗਰਾਂਟ ਦਿੱਤੀ। ਇਸ ਤੋਂ ਇਲਾਵਾ ਐਸ.ਸੀ. ਸ਼ਮਸ਼ਾਨਘਾਟ ਲਈ 3 ਲੱਖ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਵਾਸਤੇ ਇਕ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਪੰਚਾਇਤ ਨੂੰ ਦਿੱਤਾ। ਆਪਣੇ ਦੌਰੇ ਦੌਰਾਨ ਸ. ਸਿੱਧੂ ਨੇ ਪਿੰਡ ਸੇਖਨਮਾਜਰਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਵਾਸਤੇ 10 ਲੱਖ ਰੁਪਏ ਦੀ ਗਰਾਂਟ ਦਿੱਤੀ ਅਤੇ ਇਸ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਪਿੰਡ ਦੀਆਂ ਗਲੀਆਂ-ਨਾਲੀਆਂ ਲਈ 3.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਸੌਂਪਿਆ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੁਰਾਲੀ, ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ ਠੇਕੇਦਾਰ ਮੋਹਨ ਸਿੰਘ ਬਠਲਾਣਾ, ਗੁਰਵਿੰਦਰ ਸਿੰਘ ਬੜੀ, ਮਨਜੀਤ ਸਿੰਘ ਤੰਗੌਰੀ, ਜਗਰੂਪ ਸਿੰਘ ਢੋਲ ਕੁਰੜੀ, ਗੁਰਜੰਟ ਸਿੰਘ ਸਾਬਕਾ ਸਰਪੰਚ ਕੁਰੜੀ, ਪ੍ਰਿਤਪਾਲ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਗੁਲਾਬ ਸਿੰਘ, ਗੁਰਤੇਜ ਸਿੰਘ ਤੇਜੀ, ਬੱਗਾ ਸਿੰਘ ਪਹਿਲਵਾਨ, ਗੁਰਦੇਵ ਸਿੰਘ ਢਿੱਲੋਂ, ਸਮਸ਼ੇਰ ਸਿੰਘ ਸਾਬਕਾ ਪੰਚ, ਬੂਟਾ ਸਿੰਘ, ਅਮਰੀਕ ਸਿੰਘ ਫੌਜੀ, ਮਿਸਤਰੀ ਬੰਤ ਸਿੰਘ, ਪੰਡਤ ਨਰਿੰਦਰ ਕਾਲਾ, ਸੁਖਵਿੰਦਰ ਸਿੰਘ ਬੱਲ੍ਹਾ, ਮੁਸਲਿਮ ਵੈਲਫੇਅਰ ਕਮੇਟੀ ਦੇ ਪ੍ਰਧਾਨ ਜਸਵੀਰ ਖਾਨ, ਜਨਰਲ ਸਕੱਤਰ ਐਚ.ਕੇ. ਭੁੱਟੋ, ਮੀਤ ਪ੍ਰਧਾਨ ਕਰਮਦੀਨ, ਖਜ਼ਾਨਚੀ ਅਜੈਬ ਦੀਨ ਤੇ ਸ਼ਾਮਦੀਨ, ਰਣਧੀਰ ਸਿੰਘ ਸਰਪੰਚ ਸੇਖਨਮਾਜਰਾ ਅਤੇ ਸੰਦੀਪ ਸਿੰਘ ਪਾਲੀ ਸੇਖਨਮਾਜਰਾ ਹਾਜ਼ਰ ਸਨ।

Spread the love