ਵਧੀਕ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਵੱਲੋਂ ਸਟਾਲਾਂ ਦਾ ਜਾਇਜ਼ਾ
ਅੱਜ ਦੂਜੇ ਦਿਨ ਵੀ ਜਾਰੀ ਰਹੇਗਾ ਸੁਵਿਧਾ ਕੈਂਪ
ਬਰਨਾਲਾ, 28 ਅਕਤੂਬਰ 2021
ਪੰਜਾਬ ਸਰਕਾਰ ਵੱਲੋਂ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਇੱਕੋ ਛੱਤ ਥੱਲੇ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਸੁਵਿਧਾ ਕੈਂਪ ਲਾਉਣ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਜ਼ਿਲਾ ਪੱਧਰੀ ਕੈਂਪ ਅੱਜ ਇੱਥੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਲਾਇਆ ਗਿਆ, ਜੋ ਭਲਕੇ 29 ਅਕਤੂਬਰ ਨੂੰ ਵੀ ਜਾਰੀ ਰਹੇਗਾ।
ਹੋਰ ਪੜ੍ਹੋ :-ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ
ਇਸ ਕੈਂਪ ਵਿਚ ਵੱਖ ਵੱਖ ਵਿਭਾਗਾਂ ਵੱੱਲੋਂ ਸਕੀਮਾਂ ਸਬੰੰਧੀ ਸਟਾਲ ਲਾਏ ਗਏ, ਜਿਨਾਂ ਦਾ ਜਾਇਜ਼ਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਅਤੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਲਿਆ। ਇਸ ਮੌਕੇ ਉਨਾਂ ਵੱਖ ਵੱਖ ਵਿਭਾਗਾਂ ਦੇ ਅਮਲੇ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਸਕੀਮ ਲਈ ਅਪਲਾਈ ਕਰਨ ਵਿਚ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨਾਂ ਦੱਸਿਆ ਕਿ ਕੈਂਪ ਭਲਕੇ ਵੀ ਜਾਰੀ ਰਹੇਗਾ। ਜੋ ਵਿਅਕਤੀ ਅੱਜ ਸੁਵਿਧਾ ਕੈਂਪ ਵਿਚ ਨਹੀਂ ਪੁੱਜ ਸਕੇ, ਉਹ ਭਲਕੇ ਕੈਂਪ ਦਾ ਲਾਭ ਲੈ ਸਕਦੇ ਹਨ।
ਇਸ ਮੌਕੇ ਦਫਤਰ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਸਿਹਤ ਵਿਭਾਗ ਬਰਨਾਲਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਖਾਧ ਤੇ ਸਿਵਲ ਸਪਲਾਈ ਵਿਭਾਗ, ਨਗਰ ਕੌਂਸਲ ਬਰਨਾਲਾ, ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਬਿੱਲਾਂ ਦੀ ਮੁਆਫੀ ਸਬੰਧੀ, ਮਗਨਰੇਗਾ ਤਹਿਤ ਤੇ ਸੇਵਾ ਕੇਂਦਰ ਵੱਲੋਂ ਵੱਖ ਵੱਖ ਸਕੀਮਾਂ ਅਤੇ ਸੇਵਾਵਾਂ ਲਈ ਸਟਾਲ ਲਾਏ ਗਏ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।