ਮੁਹਿੰਮ ਤਹਿਤ ਇਕੋ ਦਿਨ ਲਾਈ 2633 ਖੁਰਾਕਾਂ ਵੈਕਸੀਨ
ਜ਼ਿਲ੍ਹੇ ਭਰ ਚ ਹੁਣ ਤੱਕ 4,71,438 ਖ਼ੁਰਾਕਾਂ ਵੈਕਸੀਨ ਲਗਾਈ ਗਈ
ਡਿਪਟੀ ਕਮਿਸ਼ਨਰ ਵੱਲੋਂ ਹਰ ਜ਼ਿਲਾ ਵਾਸੀਆਂ ਨੂੰ ਟੀਕਾਕਰਨ ਕਰਾਉਣ ਦੀ ਅਪੀਲ
ਬਰਨਾਲਾ, 17 ਨਵੰਬਰ 2021
ਜ਼ਿਲਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੋਵਿਡ ਟੀਕਾਕਰਨ ਦਾ 100 ਫੀਸਦੀ ਟੀਚਾ ਪੂਰਾ ਕਰਨ ਲਈ ‘ਹਰ ਘਰ ਦਸਤਕ’ ਮੁਹਿੰਮ ਜ਼ੋਰਾਂ ‘ਤੇ ਹੈ। ਇਸ ਮੁਹਿੰਮ ਤਹਿਤ ਰੋਜ਼ਾਨਾ ਪੱਧਰ ‘ਤੇ ਲੱਗਦੇ ਟੀਕਾਕਰਨ ਕੈਂਪਾਂ ਤੋਂ ਇਲਾਵਾ ਪਿੰਡਾਂ ਵਿਚ ਘਰ ਘਰ ਜਾ ਕੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਵਾਇਰਸ ਤੋਂ ਮੁੜ ਤੋਂ ਫੈਲਣ ਤੋਂ ਰੋਕਿਆ ਜਾ ਸਕੇ।
ਹੋਰ ਪੜ੍ਹੋ :-ਗਿਲਜੀਆਂ ਵਲੋਂ ਕਿਰਤ ਭਵਨ ਵਿਖੇ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਪਿੰਡਾਂ ਵਿੱਚ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਵੱਖ ਵੱਖ ਵਿਭਾਗੀ ਅਫਸਰਾਂ ਨੂੰ ਜ਼ਿੰਮੇਵਾਰ ਦਿੱਤੀ ਗਈ ਹੈ, ਜੋ ਕਿ ਆਪਣੀ ਨਿਗਰਾਨੀ ਵਿੱਚ ਸਿਹਤ ਅਮਲੇ ਰਾਹੀਂ ਕੋਵਿਡ ਟੀਕਾਕਰਨ ਕਰਵਾਉਣ ਵਿਚ ਜੁਟੇ ਹੋਏ ਹਨ। ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ 100 ਫੀਸਦੀ ਟੀਕਾਕਰਨ ਲਈ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ। ਇਸੇ ਤਹਿਤ ਅੱਜ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਦੀ ਹਾਸਪਿਟਲ ਵੈੱਲਫੇਅਰ ਸੁਸਾਇਟੀ ਦੇ ਚੇਅਰਪਰਸਨ ਅਤੇ ਡਿਪਟੀ ਕਮਿਸ਼ਨਰ ਦੀ ਪਤਨੀ ਸ੍ਰੀਮਤੀ ਜਯੋਤੀ ਵੱਲੋਂ ਪਿੰਡ ਰਾਜਗੜ ਦਾ ਦੌਰਾ ਕਰ ਕੇ ਪਿੰਡ ਵਾਸੀਆਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਬਰਨਾਲਾ ਸ਼ਹਿਰ ਵਿਚ ਕੈਂਪਾਂ ਤੋਂ ਇਲਾਵਾ ਸਿਹਤ ਬਲਾਕ ਤਪਾ, ਧਨੌਲਾ ਤੇ ਮਹਿਲ ਕਲਾਂ ਵਿਚ ਜਿੱਥੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਬ ਸੈਂਟਰਾਂ ਵਿਚ ਟੀਕਾਕਰਨ ਕੀਤਾ ਜਾਂਦਾ ਹੈ, ਉਥੇ ਹੁਣ ਘਰ ਘਰ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ‘ਹਰ ਘਰ ਦਸਤਕ’ ਮੁਹਿੰਮ ਤਹਿਤ ਅੱਜ 2633 ਖੁਰਾਕਾਂ ਵੈਕਸੀਨ ਲਾਈ ਗਈ ਹੈ। ਅੱਜ 920 ਪਹਿਲੀ ਖੁਰਾਕ ਅਤੇ 1713 ਨੂੰ ਦੂੂਜੀ ਖੁਰਾਕ ਲਗਾਈ ਗਈ।
ਇਸ ਤੋਂ ਇਲਾਵਾ ਅੱਜ ਤੱਕ ਜ਼ਿਲ੍ਹਾ ਬਰਨਾਲਾ ਵਿੱਚ 3,46,372 ਪਹਿਲੀਆਂ ਖ਼ੁਰਾਕਾਂ ਅਤੇ 1,25,066 ਦੂਜੀ ਖ਼ੁਰਾਕ ਵੈਕਸੀਨ ਲਗਾਈ ਜਾ ਚੁੱਕੀ ਹੈ। ਕੁੱਲ 4,71,438 ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ।
ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪਾਂ ਅਤੇ ‘ਹਰ ਘਰ ਦਸਤਕ’ ਮੁਹਿੰਮ ਦਾ ਲਾਹਾ ਲੈਂਦੇ ਹੋਏ ਕਰੋਨਾ ਤੋਂ ਬਚਾਅ ਲਈ ਦੋਵੇਂ ਖੁਰਾਕਾਂ ਵੈਕਸੀਨ ਜ਼ਰੂਰ ਲਵਾਉਣ।