’ਪੰਜਾਬੀ ਮਾਹ’ ਲੜੀ ਤਹਿਤ ਭਾਸ਼ਾ ਵਿਭਾਗ ਵੱਲੋਂ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ ਸਮਾਗਮ

'ਪੰਜਾਬੀ ਮਾਹ'
'ਪੰਜਾਬੀ ਮਾਹ' ਲੜੀ ਤਹਿਤ ਭਾਸ਼ਾ ਵਿਭਾਗ ਵੱਲੋਂ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ ਸਮਾਗਮ

Sorry, this news is not available in your requested language. Please see here.

ਫਿਰੋਜ਼ਪੁਰ 25 ਨਵੰਬਰ 2021
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਸ੍ਰ. ਪ੍ਰਗਟ ਸਿੰਘ (ਸਕੂਲ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ, ਯੁਵਕ ਸੇਵਾਵਾਂ ਅਤੇ ਐੱਨ.ਆਰ.ਆਈ. ਮਾਮਲੇ) ਅਤੇ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਹੇਠ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਇਸ ਦੀ ਪ੍ਰਫੁੱਲਤਾ ਲਈ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਕਰਮਜੀਤ ਕੌਰ ਵੱਲੋਂ 01 ਨਵੰਬਰ, 2021 ਤੋਂ 30 ਨਵੰਬਰ, 2021 ਤੱਕ ‘ਪੰਜਾਬੀ ਮਾਹ’ ਮਨਾਇਆ ਜਾ ਰਿਹਾ ਹੈ।

ਹੋਰ ਪੜ੍ਹੋ :-ਸਰੇਆਮ ਅੰਧੇਰ-ਗਰਦੀ ਹੈ ਨਸਾ ਤਸਕਰੀ ਮਾਮਲੇ ਵਿੱਚ ਇੱਕ ਹੋਰ ਜਾਂਚ ਪੈਨਲ ਬਣਾਉਣਾ-ਭਗਵੰਤ ਮਾਨ
ਇਸੇ ਲੜੀ ਤਹਿਤ ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਅਤੇ ਪ੍ਰਿੰਸੀਪਲ ਸ੍ਰ. ਇੰਦਰਜੀਤ ਸਿੰਘ (ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਛਾਉਣੀ) ਜੀ ਦੀ ਪ੍ਰਧਾਨਗੀ ਵਿੱਚ ਇੱਕ ਪ੍ਰਭਾਵਸ਼ਾਲੀ, ਸਾਹਿਤਕ ਅਤੇ ਵਿਲੱਖਣ ਦਿੱਖ ਵਾਲਾ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਹੋਈ। ਇਸ ਤੋਂ ਬਾਅਦ ਬਲਕਾਰ ਗਿੱਲ ਨੇ ਪੰਜਾਬੀ ਭਾਸ਼ਾ ਪ੍ਰਤੀ ਮੋਹ ਆਪਣੇ ਇੱਕ ਖ਼ੂਬਸੂਰਤ ਗੀਤ ਨਾਲ ਕੀਤਾ।
ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਡਾ. ਜਗਦੀਪ ਸਿੰਘ (ਸਟੇਟ ਅਵਾਰਡੀ ਅਤੇ ਰੰਗ-ਕਰਮੀ) ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿੰਦਿਆਂ ਪੰਜਾਬੀ ਭਾਸ਼ਾ ਅਤੇ ਦੂਸਰੀਆਂ ਭਾਸ਼ਾਵਾਂ ਦੇ ਆਪਸੀ ਸੰਬੰਧਾਂ ਬਾਰੇ ਵਿਚਾਰ-ਚਰਚਾ ਕਰਦਿਆਂ ਦੱਸਿਆ ਕਿ ਭਾਸ਼ਾਵਾਂ ਆਪਸ ਵਿੱਚ ਅੰਤਰ-ਸੰਬੰਧਿਤ ਹੁੰਦੀਆਂ ਹਨ।
ਲੋੜ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਂਝੇ ਰੂਪ ਵਿੱਚ ਆਪਣੀ ਮਾਤ ਭਾਸ਼ਾ ਲਈ ਕੋਈ ਠੋਸ ਯਤਨ ਕਰਨੇ ਚਾਹੀਦੇ ਹਨ। ਉੱਘੇ ਸਾਹਿਤਕਾਰ ਅਤੇ ਸਾਬਕਾ ਅਧਿਕਾਰੀ ਸ੍ਰ. ਜਸਵੰਤ ਸਿੰਘ ਕੈਲਵੀ ਜੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸ੍ਰੀ ਕੈਲਵੀ ਜੀ ਨੇ ਆਪਣੇ ਜੀਵਨ ਅਨੁਭਵ ਅਤੇ ਸਾਹਿਤਿਕ ਰਚਨਾਵਾਂ ਬਾਰੇ ਸਰੋਤਿਆਂ ਨਾਲ ਖੁੱਲ ਕੇ ਗੱਲ-ਬਾਤ ਕੀਤੀ ਅਤੇ ਆਪਣੀ ਪ੍ਰੇਰਣਾ ਸ਼ਕਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਸਮਾਗਮ ਦੇ ਮੁੱਖ ਮਹਿਮਾਨ ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ, ਪ੍ਰਿੰਸੀਪਲ, ਸ.ਸ.ਸ.ਸ. ਗੱਟੀ ਰਾਜੋ ਕੇ, ਫ਼ਿਰੋਜ਼ਪੁਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫ਼ਿਰੋਜ਼ਪੁਰ ਵਾਸੀਆਂ ਅਤੇ ਸਮੂਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਭਾਸ਼ਾ ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਆਸਾਮੀਆਂ ਭਰਕੇ ਪੰਜਾਬ ਸਰਕਾਰ ਨੇ ਆਪਣੀ ਮਾਂ-ਬੋਲੀ ਅਤੇ ਮਾਤ ਭਾਸ਼ਾ ਪ੍ਰਤੀ ਸੁਹਿਰਦਤਾ ਦਿਖਾਈ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਸ਼ਾ ਵਿਭਾਗ ਦਾ ਮਿਆਰ ਅਤੇ ਕੱਦ ਬਹੁਤ ਅਮੀਰ ਹੈ। ਇਨ੍ਹਾਂ ਨਵ-ਨਿਯੁਕਤ ਜ਼ਿਲ੍ਹਾ ਅਫ਼ਸਰਾਂ ਤੋਂ ਮੈਨੂੰ ਬਹੁਤ ਉਮੀਦਾਂ ਹਨ ਕਿ ਇਹ ਸਾਰਿਆਂ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਵਿੱਚ ਗੁਣਾਤਮਿਕ ਅਤੇ ਗਿਣਾਤਮਿਕ ਕਾਰਜ ਕਰਨਗੇ।
ਉਨ੍ਹਾਂ ਮਾਤ ਭਾਸ਼ਾ ਦੀ ਸੰਵੇਦਨਾ ਅਤੇ ਅਹਿਮੀਅਤ ਬਾਰੇ ਨਿੱਠ ਕੇ ਗੱਲ-ਬਾਤ ਕੀਤੀ। ਪੰਜਾਬੀ ਕਵਿਤਾ ਦੇ ਜਾਣੇ-ਪਛਾਣੇ ਨਾਮ ਸ੍ਰੀ ਹਰਮੀਤ ਵਿਦਿਆਰਥੀ ਨੇ ਸ੍ਰੀ ਜਸਵੰਤ ਸਿੰਘ ਕੈਲਵੀ ਜੀ ਦੇ ਜੀਵਨ ਅਤੇ ਸ਼ਖ਼ਸ਼ੀਅਤ ਬਾਰੇ ਚਾਣਨਾ ਪਾਉਂਦਿਆਂ ਕਿਹਾ ਕਿ ਅਜਿਹੀ ਸ਼ਖ਼ਸ਼ੀਅਤ ਨੂੰ ਰੂ-ਬ-ਰੂ ਕਰਵਾਉਣਾ ਭਾਸ਼ਾ ਵਿਭਾਗ ਲਈ ਫ਼ਖਰ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਸਮੂਹ ਲੇਖਕ ਭਾਈਚਾਰੇ ਵੱਲੋਂ ਮੰਗ ਕੀਤੀ ਕਿ ਜ਼ਿਲ੍ਹਾ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਅਧਿਐਨ, ਖੋਜ ਕਾਰਜ ਅਤੇ ਠਹਿਰਾਵ ਲਈ ਇੱਕ ਇਮਾਰਤ ਬਣੀ ਹੋਈ ਹੈ। ਪਰੰਤੂ ਇਹ ਇਮਾਰਤ ਐੱਨ.ਸੀ.ਸੀ. ਨੂੰ ਦਿੱਤੀ ਹੋਈ ਹੈ।
ਲੋੜ ਹੈ ਕਿ ਇਸ ਇਮਾਰਤ ਨੂੰ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਜ਼ਰੂਰਤ ਲਈ ਵਾਪਿਸ ਲਿਆ ਜਾਵੇ। ਮੰਚ ਸੰਚਾਲਨ ਕਰਦਿਆਂ ਡਾ. ਰਾਮੇਸ਼ਵਰ ਸਿੰਘ ਕਟਾਰਾ ਜੀ ਨੇ ਭਾਸ਼ਾ ਵਿਭਾਗ ਦੇ ਇਤਿਹਾਸ, ਸਫ਼ਰ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਭਾਸ਼ਾ ਵਿਭਾਗ ਦੇ ਉਦੇਸ਼ਾਂ ਤੋਂ ਵੀ ਜਾਣੂ ਕਰਵਾਇਆ। ਸਮਾਗਮ ਦੀ ਖਿੱਚ ਦਾ ਪ੍ਰਮੁੱਖ ਕੇਂਦਰ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵੀ ਸੀ। ਕਾਲਜ ਦੇ ਵਿਹੜੇ ਖ਼ੁਸ਼ਗਵਾਰ ਵਾਤਾਵਰਨ ਵਿੱਚ ਸਾਹਿਤਕ ਪ੍ਰੇਮੀਆਂ ਨੇ ਭਾਸ਼ਾ ਵਿਭਾਗ ਦੀਆਂ ਅਣਮੋਲ ਕਿਤਾਬਾਂ ਦੀ ਖਰੀਦ ਕੀਤੀ ਅਤੇ ਇਸ ਕਾਰਜ ਲਈ ਵਧਾਈ ਵੀ ਦਿੱਤੀ।
ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਛਾਉਣੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕੁਲਬੀਰ ਮਲਿਕ (ਨਾਟਕਕਾਰ) ਨੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ ਕਿ ਅਜਿਹਾ ਸਾਹਿਤਕ ਅਤੇ ਕਲਾਤਮਿਕ ਪ੍ਰੋਗਰਾਮ ਕਰਵਾਉਣ ਦਾ ਮਾਣ ਇਸ ਕਾਲਜ ਨੂੰ ਪ੍ਰਾਪਤ ਹੋਇਆ। ਇਸ ਮੌਕੇ ਤੇ ਸਾਹਿਤਕਾਰ ਅਧਿਆਪਕ ਹੀਰਾ ਸਿੰਘ ਤੂਤ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਫ਼ਿਜ਼ਾਵਾਂ ਦੇ ਰੰਗ’ ਰਿਲੀਜ਼ ਕੀਤੀ ਗਈ। ਸਾਹਿਤ ਪ੍ਰੇਮੀ ਅਤੇ ਜੁਝਾਰੂ ਅਧਿਆਪਕ ਅਮਨਦੀਪ ਜੌਹਲ ਨੇ ਆਪਣੀਆਂ ਪ੍ਰਕਾਸ਼ਿਤ ਕਿਤਾਬਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਨੂੰ ਭੇਂਟ ਕਰਦਿਆਂ ਭਾਸ਼ਾ ਵਿਭਾਗ ਦੇ ਸਾਰਥਿਕ ਯਤਨਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟਾਈ ਹੈ।
ਸਮਾਗਮ ਦੇ ਅੰਤ ਦੇ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪਟਿਆਲਾ ਮੈਡਮ ਸ੍ਰੀਮਤੀ ਕੰਵਲਜੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਸਮੂਹ ਫ਼ਿਰੋਜ਼ਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਸ਼ਾ ਵਿਭਾਗ ਦੀਆਂ ਗਤੀਵਿਧਿਆਂ ਨਾਲ ਜੁੜਨ ਅਤੇ ਸਮਰਥਾ ਅਨੁਸਾਰ ਸਹਿਯੋਗ ਦੇਣ। ਇਸ ਮੌਕੇ ਤੇ ਵੱਖ-ਵੱਖ ਸਾਹਿਤਿਕ ਸੰਸਥਾਵਾਂ ਕਲਾਪੀਠ ਫ਼ਿਰੋਜ਼ਪੁਰ ਸਾਹਿਤ ਸਭਾ ਤਲਵੰਡੀ, ਸਾਹਿਤ ਸਭਾ ਜ਼ੀਰਾ ਅਤੇ ਹੋਰ ਹਾਜ਼ਰ ਲੇਖਕਾਂ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਤੇ ਸਾਹਿਤਕ ਜਗਤ ਤੋਂ ਅਨਿਲ ਆਦਮ, ਗੁਰਦਿਆਲ ਸਿੰਘ ਵਿਰਕ, ਸੁਖਜਿੰਦਰ, ਜਗਤਾਰ ਸੋਖੀ, ਪ੍ਰੀਤ ਜੱਗੀ, ਰਾਜੀਵ ਖ਼ਿਆਲ, ਮਲਕੀਤ ਹਰਾਜ਼, ਸ੍ਰ. ਸਰਬਜੀਤ ਭਾਵੜਾ, ਡਾ. ਜਸਵਿੰਦਰ ਕੌਰ, ਸ੍ਰ. ਜਸਵੰਤ ਸਿੰਘ, ਦੀਪ ਜ਼ੀਰਵੀ, ਅਮਨਦੀਪ ਜੌਹਲ, ਹੀਰਾ ਸਿੰਘ ਤੂਤ, ਸ੍ਰੀ ਬਿੱਕਰ ਸਿੰਘ ਆਜ਼ਾਦ, ਪ੍ਰੋ. ਕੁਲਦੀਪ ਸਿੰਘ, ਸ੍ਰੀ ਤਰਸੇਮ ਅਰਮਾਨ, ਸ੍ਰ. ਬਲਕਾਰ ਸਿੰਘ, ਸ੍ਰੀ ਸੁਰਿੰਦਰ ਸਿੰਘ, ਡਾ. ਹਰਿੰਦਰ ਸਿੰਘ, ਸ੍ਰ. ਸੁਖਚੈਨ ਸਿੰਘ, ਸ੍ਰ. ਪ੍ਰਗਟ ਸਿੰਘ ਤੋਂ ਇਲਾਵਾ ਮੈਡਮ ਰਾਬੀਆ, ਨਵਦੀਪ ਸਿੰਘ, ਰਾਹੁਲ ਅਤੇ ਗੁਰੂ ਨਾਨਕ ਕਾਲਜ, ਫ਼ਿਰੋਜ਼ਪੁਰ ਛਾਉਣੀ ਦੇ ਸਾਹਿਤ ਅਤੇ ਕਲਾ ਨਾਲ ਜੁੜੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਹਾਜ਼ਰ ਮਹਿਮਾਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ।
Spread the love