ਇੰਜ: ਬਲਦੇਵ ਸਿੰਘ ਸਰਾਂ ਨੇ ਉਪ ਮੁੱਖ ਮੰਤਰੀ ਰੰਧਾਵਾ ਤੇ ਕੈਬਨਿਟ ਮੰਤਰੀ ਬਾਜਵਾ ਦੀ ਹਾਜ਼ਰੀ ‘ਚ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਦਾ ਅਹੁਦਾ ਸੰਭਾਲਿਆ

PSPCL
ਇੰਜ: ਬਲਦੇਵ ਸਿੰਘ ਸਰਾਂ ਨੇ ਉਪ ਮੁੱਖ ਮੰਤਰੀ ਰੰਧਾਵਾ ਤੇ ਕੈਬਨਿਟ ਮੰਤਰੀ ਬਾਜਵਾ ਦੀ ਹਾਜ਼ਰੀ 'ਚ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਦਾ ਅਹੁਦਾ ਸੰਭਾਲਿਆ

Sorry, this news is not available in your requested language. Please see here.

ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਲਈ ਹਮੇਸ਼ਾ ਵਚਨਬੱਧ: ਇੰਜ: ਬਲਦੇਵ ਸਿੰਘ ਸਰਾਂ

ਪਟਿਆਲਾ, 23 ਦਸੰਬਰ 2021

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇੰਜ: ਬਲਦੇਵ ਸਿੰਘ ਸਰਾਂ ਨੇ ਬਿਜਲੀ ਦੇ ਖੇਤਰ ‘ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਵਜੋਂ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਕ ਵਾਰ ਫਿਰ ਇੰਜ: ਸਰਾਂ ਨੂੰ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਵਜੋਂ ਸੇਵਾਵਾਂ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।

ਹੋਰ ਪੜ੍ਹੋ :-ਨਸ਼ਿਆਂ ਕਾਰਨ ਆਪਣੇ ਪੁੱਤ ਗੁਆਉਣ ਵਾਲੇ ਮਾਪੇ ਇਸ ਘਿਨਾਉਣੇ ਪਾਪ ਲਈ ਬਾਦਲਾਂ, ਕੇਜਰੀਵਾਲ ਅਤੇ ਕੈਪਟਨ ਨੂੰ ਕਦੇ ਵੀ ਮਾਫ ਨਹੀਂ ਕਰਨਗੇ-ਮੁੱਖ ਮੰਤਰੀ

ਇੰਜ: ਬਲਦੇਵ ਸਿੰਘ ਸਰਾਂ ਦੇ ਅਹੁਦਾ ਸੰਭਾਲਣ ਮੌਕੇ ਅੱਜ ਇਥੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਉਪ ਮੁੱਖ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਇੰਜ: ਬਲਦੇਵ ਸਿੰਘ ਸਰਾਂ ਨੇ ਲੰਮਾ ਸਮਾਂ ਬਿਜਲੀ ਵਿਭਾਗ ਦੇ ਵੱਖ ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ ਤੇ ਉਹ ਬਿਜਲੀ ਖੇਤਰ ਦੀਆਂ ਬਾਰੀਕੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇੰਜ: ਸਰਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹੋਰ ਵੀ ਬੁਲੰਦੀਆਂ ਉੱਤੇ ਲੈ ਕੇ ਜਾਣਗੇ।

ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇੰਜ: ਬਲਦੇਵ ਸਿੰਘ ਸਰਾਂ ਦੀਆਂ ਪੁਰਾਣੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਹੋਰ ਵੀ ਸੁਹਿਰਦ ਯਤਨ ਕਰਨਗੇ ਤੇ ਪੀ.ਐਸ.ਪੀ.ਸੀ.ਐਲ ਨੂੰ ਹੋਰ ਬੁਲੰਦੀਆਂ ‘ਤੇ ਲੈਕੇ ਜਾਣਗੇ।

ਨਵ-ਨਿਯੁਕਤ ਸੀ.ਐਮ.ਡੀ. ਇੰਜ: ਬਲਦੇਵ ਸਿੰਘ ਸਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕਰਦਿਆ ਕਿਹਾ ਉਹ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ, ਭਰੋਸੇਮੰਦ ਅਤੇ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਰਹਿਣਗੇ।

ਜ਼ਿਕਰਯੋਗ ਹੈ ਕਿ ਇੰਜ: ਬਲਦੇਵ ਸਿੰਘ ਸਰਾਂ ਨੇ 1983 ‘ਚ ਪੀ.ਐਸ.ਪੀ.ਸੀ.ਐਲ ‘ਚ ਪੀ.ਐਸ.ਈ.ਬੀ. ‘ਚ ਟਰੇਨੀ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕੀਤੀ ਤੇ ਚੀਫ਼ ਇੰਜੀਨੀਅਰ ਤੱਕ ਦੇ ਅਹੁਦੇ ‘ਤੇ ਪਹੁੰਚੇ। ਉਨ੍ਹਾਂ ਕਰੀਬ 34 ਸਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ‘ਚ ਵੱਖ ਵੱਖ ਅਹੁਦਿਆਂ ‘ਤੇ ਕੰਮ ਕਰਦਿਆ ਉਤਪਾਦਨ, ਪ੍ਰਸਾਰਣ ਅਤੇ ਵੰਡ ਦੇ ਖੇਤਰ ‘ਚ ਤਜਰਬਾ ਹਾਸਲ ਕੀਤਾ ਅਤੇ ਪੀ.ਐਸ.ਪੀ.ਸੀ.ਐਲ ‘ਚ ਪਹਿਲੀ ਵਾਰ 2018 ਤੋਂ 2020 ਤੱਕ ਸੀ.ਐਮ.ਡੀ. ਵਜੋਂ ਸੇਵਾਵਾਂ ਨਿਭਾਈਆਂ ਤੇ ਅੱਜ ਦੂਸਰੀ ਵਾਰ ਆਪਣਾ ਅਹੁਦਾ ਸੰਭਾਲਿਆ ਹੈ।

ਇਸ ਮੌਕੇ ਡਾਇਰੈਕਟਰ ਵਿੱਤ ਜਤਿੰਦਰ ਸਿੰਘ ਗੋਇਲ, ਡਾਇਰੈਕਟਰ ਵੰਡ ਇੰਜ: ਡੀ.ਪੀ.ਐਸ ਗਰੇਵਾਲ, ਡਾਇਰੈਕਟਰ ਇੰਜ: ਕਮਰਸ਼ੀਅਲ ਗੋਪਾਲ ਸ਼ਰਮਾ, ਡਾਇਰੈਕਟਰ ਉਤਪਾਦਨ ਇੰਜ: ਪਰਮਜੀਤ ਸਿੰਘ, ਡਾਇਰੈਕਟਰ ਪ੍ਰਬੰਧਕੀ ਗਗਨਦੀਪ ਸਿੰਘ ਜਲਾਲਪੁਰ, ਇੰਜ: ਯੋਗੇਸ਼ ਟੰਡਨ, ਸਮੇਤ ਵੱਡੀ ਗਿਣਤੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਮੌਜੂਦ ਸਨ।
ਕੈਪਸ਼ਨ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਵ ਨਿਯੁਕਤ ਸੀ.ਐਮ.ਡੀ ਇੰਜ ਬਲਦੇਵ ਸਿੰਘ ਸਰਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ।

Spread the love