ਰੂਪਨਗਰ, 22 ਅਪ੍ਰੈਲ 2022
ਸਕੂਲ ਵਿੱਚ ਪੜ੍ਹਾਈ ਕਰ ਰਹੇ ਵਿਦਿਆਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਇੱਕ ਕਿੱਤਾ ਅਗਵਾਈ ਸੈਮੀਨਾਰ ਦਾ ਆਯੋਜਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਡੀ.ਏ.ਵੀ ਸਕੂਲ, ਰੂਪਨਗਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪ੍ਰਿੰਸੀਪਲ, ਸੰਗੀਤਾ ਰਾਣੀ ਦੇ ਸਹਿਯੋਗ ਨਾਲ ਡੀ.ਏ.ਵੀ ਸਕੂਲ ਦੇ 55 ਵਿਦਿਆਰਥੀਆਂ ਨੇ ਭਾਗ ਲਿਆ
ਹੋਰ ਪੜ੍ਹੋ :-ਮਾਸਕ ਪਾਉਣ ਸਬੰਧੀ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਨਵੀਂਆਂ ਹਦਾਇਤਾਂ ਜਾਰੀ
ਇਸ ਬਾਰੇ ਜਾਣਕਾਰੀ ਦਿੰਦਿਆਂ ਸੁਪ੍ਰੀਤ ਕੌਰ, ਕਰੀਅਰ ਕਾਊਂਸਲਰ ਨੇ ਦੱਸਿਆ ਕਿ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਬਾਰੇ ਅਗਵਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਜੋਕੇ ਇੰਟਰਨੈਟ ਯੁਗ ਵਿੱਚ ਭਾਵੇਂ ਵਿਦਿਆਰਥੀਆਂ ਕੋਲ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਹੈ, ਪ੍ਰੰਤੂ ਫਿਰ ਵੀ ਵਿਦਿਆਰਥੀ ਇਸਨੂੰ ਆਪਣੇ ਕਰੀਅਰ ਜਾਂ ਭਵਿੱਖ ਲਈ ਉਪਯੋਗ ਨਾ ਕਰਦੇ ਹੋਏ ਹੋਰ ਚੀਜ਼ਾਂ ਵੱਲ ਵਧੇਰੇ ਪ੍ਰਭਾਵਿਤ ਰਹਿੰਦੇ ਹਨ। ਇਸ ਕਰਕੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਪੜ੍ਹਾਈ ਦੌਰਾਨ ਸਹੀ ਸੇਧ ਦੇਣੀ ਜ਼ਰੂਰੀ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣਾ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਮੰਜ਼ਿਲ ਵੱਲ ਵੱਧਣ ਲਈ ਮਿਹਨਤ ਕਰਨੀ ਚਾਹੀਦੀ ਹੈ। ਫੌਜ, ਐਨ.ਡੀ.ਏ ਅਤੇ ਹਵਾਈ ਸੈਨਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਸ ਸਬੰਧੀ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਵਿਧੀ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾ ਵੱਲੋਂ ਦੱਸਿਆ ਗਿਆ ਕਿ ਆਪਣੇ ਦੇਸ਼ ਵਿੱਚ ਵੀ ਰੁਜ਼ਗਾਰ ਦੇ ਬਹੁਤ ਸਾਧਨ ਅਤੇ ਮੌਕੇ ਉਪਲੱਬਧ ਹਨ। ਜੇਕਰ ਵਿਦਿਆਰਥੀ ਮਿਹਨਤ ਕਰਨ ਤਾਂ ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਨ।
ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਜੋ ਕਿ ਗਰਾਊਂਡ ਫਲੋਰ, ਡੀ.ਸੀ ਕੰਪਲੈਕਸ ਵਿਖੇ ਸਥਾਪਿਤ ਹੈ, ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਬਿਊਰੋ ਵੱਲੋਂ ਪ੍ਰਾਰਥੀਆਂ ਨੂੰ ਕਿੱਤਾ ਅਗਵਾਈ, ਸਵੈ-ਰੋਜ਼ਗਾਰ ਅਪਣਾਉਣ ਲਈ ਕਰਜ਼ਾ ਸਹੂਲਤਾਵਾਂ, ਮੁਕਾਬਲੇ ਦੀ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਕਲਾਸਾਂ, ਹੁਨਰ ਵਿਕਾਸ ਅਤੇ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬਿਊਰੋ ਵਿਖੇ ਹਰ ਹਫ਼ਤੇ ਨਜ਼ਦੀਕੀ ਉਦਯੋਗਾਂ ਅਤੇ ਹੋਰ ਫਰਮਾਂ ਨਾਲ ਰਾਬਤਾ ਕਰਕੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ, ਨੌਜਵਾਨਾਂ ਨੂੰ ਇਨ੍ਹਾਂ ਕੈਂਪਾਂ ਦਾ ਵੀ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਕੀਤਾ ਜਾ ਸਕਦਾ ਹੈ। ਇਸ ਸੈਮੀਨਾਰ ਵਿੱਚ ਡੀ.ਏ.ਵੀ ਸਕੂਲ, ਰੂਪਨਗਰ ਦੇ ਅਧਿਆਪਕ ਬਰਿੰਦਰਾ ਸਿੰਘ, ਰਾਜੇਸ਼ ਕੁਮਾਰ, ਅਸ਼ਵਨੀ ਸ਼ਰਮਾ, ਰਵਿੰਦਰ ਸਿੰਘ ਅਤੇ ਨਵਜੋਤ ਕੌਰ ਵੀ ਮੌਜੂਦ ਸਨ।