ਫਾਜ਼ਿਲਕਾ, 4 ਮਈ :-
ਆਜਾਦੀ ਕਾ ਅੰਮ੍ਰਿਤ ਮਹੋਤਸਵ ਸਿਹਤ ਵਿਭਾਗ ਵੱਲੋਂ ਕੋਵਿਡ ਬੀਮਾਰੀ ਅਤੇ ਹੋਰ ਕਾਰਨਾਂ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਲਈ ਮਿਸ਼ਨ ਇੰਦਰ ਧਨੁਸ਼ ਮੁਹਿੰਮ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ।ਇਹ ਮੁਹਿੰਮ 4 ਮਈ ਤੋਂ 10 ਮਈ ਤੱਕ ਚੱਲੇਗੀ, ਜਿਸ ਵਿੱਚ ਵਿਸ਼ੇਸ਼ ਤੌਰ `ਤੇ ਟੀਕਾਕਰਨ ਤੋਂ ਵਾਂਝੇ ਰਹੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ `ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰੁਪਾਲੀ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਢਾਣੀਆਂ, ਭੱਠਿਆਂ, ਝੁੱਗੀਆਂ `ਚ ਜਾ ਕੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਵਸਨੀਕ ਸੂਬੇ ਵਿੱਚ ਸਾਲ ਦੇ 2 ਮਹੀਨੇ ਰਹਿੰਦੇ ਹਨ ਅਤੇ ਬਾਕੀ ਦੇ ਮਹੀਨੇ ਘਰਾਂ ਤੋਂ ਬਾਹਰ ਚਲੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦਾ ਟੀਕਾਕਰਨ ਬਹੁਤ ਪ੍ਰਭਾਵਿਤ ਹੁੰਦਾ ਹੈ, ਇਸ ਲਈ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ, ਇਸ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਆਸ਼ਾ ਵਰਕਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਕਵਰ ਕਰਨ ਦੇ ਨਾਲ-ਨਾਲ ਆਪਣੇ ਇਲਾਕਿਆਂ ਵਿੱਚ ਭਠਿਆਂ ਤੇ ਪ੍ਰਵਾਸੀ ਮਜ਼ਦੂਰਾਂ ਵਾਲੇ ਬੱਚਿਆਂ ਦਾ ਡਾਟਾ ਤਿਆਰ ਕਰਨ ਤਾਂ ਜੋ ਉਨ੍ਹਾਂ ਦਾ ਟੀਕਾਕਰਨ ਮੁਕੰਮਲ ਹੋ ਸਕੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਬੱਚਿਆਂ ਦਾ ਸੱਤ ਦਿਨਾਂ ਦੇ ਅੰਦਰ ਟੀਕਾਕਰਨ ਮੁਕੰਮਲ ਹੋ ਸਕੇ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦਾ ਡਾਟਾ ਵੀ ਇਕੱਠਾ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਚੈਕਅੱਪ ਕਰਕੇ ਹੀਮੋਗਲੋਬਿਨ, ਵਜ਼ਨ, ਬੀ.ਪੀ. ਆਦਿ ਦੀ ਵੀ ਜਾਂਚ ਕੀਤੀ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਘੱਟ ਹੋਣ ਜਾਂ ਹੋਰ ਸਮੱਸਿਆਵਾਂ ਹੋਣ `ਤੇ ਡਾਕਟਰ ਕੋਲ ਰੈਫਰ ਕੀਤਾ ਜਾਂਦਾ ਹੈ।
ਡਾ: ਰੁਪਾਲੀ ਮਹਾਜਨ ਨੇ ਦੱਸਿਆ ਕਿ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਪਹਿਲ ਦੇ ਆਧਾਰ `ਤੇ ਕਵਰ ਕੀਤਾ ਜਾਵੇਗਾ।ਇਹ ਮੁਹਿੰਮ ਬਹੁਤ ਸਫਲਤਾਪੂਰਵਕ ਲਾਗੂ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਟੀਕਾਕਰਨ ਦੀ ਆਦਤ ਪੈ ਗਈ ਹੈ ਅਤੇ ਲੋਕ ਆਪਣੇ ਟੀਕੇ ਲਗਵਾਉਣ ਲਈ ਜ਼ਰੂਰ ਆਉਂਦੇ ਹਨ। ਪਿੰਡਾਂ ਵਿੱਚ ਆਸ਼ਾ ਵਰਕਰ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ ਅਤੇ ਜਿਹੜੇ ਬੱਚੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਲਾਹਾ ਹਾਸਲ ਹੋਵੇਗਾ ਅਤੇ ਜਿਹੜੇ ਬੱਚੇ ਪਿਛਲੇ ਕੁਝ ਸਾਲਾਂ ਤੋਂ ਕੋਵਿਡ ਦੀ ਬਿਮਾਰੀ ਕਾਰਨ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਈ ਦਾ ਮਹੀਨਾ ਤੀਜਾ ਅਤੇ ਆਖਰੀ ਪੜਾਅ ਹੈ ਜਿਸ ਵਿੱਚ ਇਹ ਮੁਹਿੰਮ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਵਿੱਚ 745 ਬੱਚੇ ਅਤੇ ਅਪ੍ਰੈਲ ਮਹੀਨੇ ਵਿੱਚ 625 ਬੱਚੇ ਅਤੇ ਗਰਭਵਤੀ ਔਰਤਾਂ ਨੂੰ ਕਵਰ ਕੀਤਾ ਗਿਆ ਹੈ।