ਸੰਤ ਸਿੰਘ ਸੁੱਖਾ ਸਿੰਘ ਸੰਸਥਾਵਾਂ ਦੇ ਸਥਾਪਨਾ ਸਮਾਗਮ ਵਿਚ ਲਿਆ ਹਿੱਸਾ
ਭਗਤ ਪੂਰਨ ਸਿੰਘ ਪਿੰਗਲਵਾੜੇ ਵਿਖੇ ਵੀ ਭਰੀ ਹਾਜ਼ਰੀ
ਅੰਮ੍ਰਿਤਸਰ, 13 ਮਈ 2022
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਤਕ ਹੋਏ ਅਤੇ ਪੰਜਾਬ ਦੇ ਭਲੇ ਦੀ ਅਰਦਾਸ ਕੀਤੀ। ਉਨਾਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਨਿਮਾਣੇ ਸ਼ਰਧਾਲੂ ਵਾਂਗ ਮੱਥਾ ਟੇਕਿਆ ਤੇ ਸ਼ਬਦ ਕੀਰਤਨ ਸਰਵਣ ਕੀਤਾ। ਸ੍ਰ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਰਾਜ ਦੇ ਭਲੇ ਲਈ ਪੰਜਾਬ ਸਰਕਾਰ ਦੀ ਨੀਅਤ ਬਿਲਕੁੱਲ ਸਪੱਸ਼ਟ ਅਤੇ ਇਮਾਨਦਾਰ ਹੈ। ਉਨਾਂ ਕਿਹਾ ਕਿ 75 ਸਾਲ ਦੀਆਂ ਉਲਝੀਆਂ ਤੰਦਾਂ ਨੂੰ ਕੱਢਣ ਲਈ ਸਮਾਂ ਤਾਂ ਲੱਗੇਗਾ, ਪਰ ਪੰਜਾਬ ਫਿਰ ਖੁਸ਼ਹਾਲ ਹੋਵੇਗਾ, ਇਹ ਸਰਕਾਰ ਦੀ ਗਾਰੰਟੀ ਹੈ। ਉਨਾਂ ਕਿਹਾ ਕਿ ਅੱਜ ਮੈਂ ਵੀ ਸ੍ਰੀ ਗੁਰੂ ਰਾਮਦਾਸ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਗੁਰੂ ਮਹਾਰਾਜ ਜ਼ਰੂਰ ਕਿਰਪਾ ਕਰਨਗੇ।
ਹੋਰ ਪੜ੍ਹੋ :-ਕੇਂਦਰੀ ਅਧਿਕਾਰੀ ਦੇ ਦੌਰੇ ਨਾਲ ਸਰਹੱਦੀ ਪੱਟੀ ਦੇ ਕਿਸਾਨਾਂ ਵਿਚ ਜਾਗੀ 2017 ਤੋਂ ਬੰਦ ਪਏ ਮੁਆਵਜ਼ੇ ਦੀ ਆਸ
ਇਸ ਮਗਰੋਂ ਉਹ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ ਦੇ 130ਵੇਂ ਸਥਾਪਨਾ ਵਰ੍ਹੇ ਦੇ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨਾਂ ਸੰਸਥਾ ਦੇ ਬਾਨੀ ਸਰਦਾਰ ਸੰਤ ਸਿੰਘ ਦੀ ਸੋਚ ਨੂੰ ਸਲਾਮ ਕਰਦੇ ਕਿਹਾ ਕਿ ਅਜਿਹੇ ਗੁਰਸਿੱਖਾਂ ਦੀ ਸੋਚ ਸਦਕਾ ਹੀ ਇਸ ਸੰਸਥਾ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਤਿਆਰ ਕੀਤਾ ਅਤੇ ਆਸ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸੰਸਥਾ ਕਈ ਪੀੜ੍ਹੀਆਂ ਤੱਕ ਵਿਦਿਆ, ਸਮਾਜ ਸੇਵਾ ਅਤੇ ਇਨਸਾਨੀਅਤ ਦਾ ਦਾਨ ਵੰਡਦੀ ਰਹੇਗੀ। ਬੱਚਿਆਂ ਨੂੰ ਸੰਬੋਧਨ ਕਰਦੇ ਉਨਾਂ ਨੇ ਵੱਡੇ ਟੀਚੇ ਮਿਥਣ ਲਈ ਪ੍ਰੇਰਿਤ ਕਰਦੇ ਕਿਹਾ ਕਿ ਇਨਸਾਨ ਜੋ ਸੋਚਦਾ ਹੈ, ਉਸ ਲਈ ਇਮਨਾਦਾਰੀ ਨਾਲ ਮਿਹਨਤ ਕਰਦਾ ਰਹੇ ਤਾਂ ਉਸਦੇ ਟੀਚੇ ਜ਼ਰੂਰ ਪੂਰੇ ਹੁੰਦੇ ਹਨ। ਉਨਾਂ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਸੰਸਥਾ ਵੱਲੋਂ ਦਿੱਤੇ ਜਾਂਦੇ ਇਨਸਾਨੀਅਤ ਦੇ ਸਬਕ ਨੂੰ ਗ੍ਰਹਿਣ ਕਰਨ ਉਤੇ ਵੀ ਜ਼ੋਰ ਦਿੱਤਾ।
ਉਨਾਂ ਸੰਸਥਾ ਦੇ ਪ੍ਰਬੰਧਕਾਂ ਨੂੰ ਇਸ ਪਵਿਤਰ ਮੌਕੇ ਦੀ ਵਧਾਈ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਹਰ ਤਰਾਂ ਨਾਲ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਸ. ਇੰਦਰਬੀਰ ਸਿੰਘ ਨਿੱਝਰ, ਡਾ. ਅਜੇ ਗੁਪਤਾ ਅਤੇ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ. ਦਲਬੀਰ ਸਿੰਘ ਟੌਂਗ ਵੀ ਵਿਸੇਸ਼ ਤੌਰ ਉਤੇ ਸਮਾਗਮ ਵਿਚ ਪੁੱਜੇ। ਸੰਸਥਾ ਦੇ ਡਾਇਰੈਕਟਰ ਸ. ਜਗਦੀਸ਼ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਸੰਸਥਾ ਦੇ ਮੁਖੀ ਜਸਟਿਸ ਸ. ਰਣਜੀਤ ਸਿੰਘ ਰੰਧਾਵਾ, ਜੋ ਕਿ ਇਸੇ ਸਕੂਲ ਵਿਚ ਪੜ੍ਹੇ ਹਨ, ਨੇ ਆਪਣੇ ਵੇਲੇ ਦੀਆਂ ਗੱਲਾਂ ਸਾਂਝੀਆਂ ਕਰਦੇ ਸੰਸਥਾ ਦੀ ਪ੍ਰਗਤੀ ਦੇ ਬਿਖੜੇ ਪੈਂਡੇ ਦਾ ਵਿਸਥਾਰ ਦੱਸਿਆ। ਇਸ ਮੌਕੇ ਗਿਆਨੀ ਕੇਵਲ ਸਿੰਘ, ਪਿ੍ਰੰਸੀਪਲ ਗੁਰਪ੍ਰੀਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
ਇਸ ਮਗਰੋਂ ਸ. ਸੰਧਵਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਪਹੁੰਚੇ ਅਤੇ ਉਥੋਂ ਦੇ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਨਾਲ ਵਿਚਾਰ-ਚਰਚਾ ਕੀਤੀ। ਉਨਾਂ ਕਿਹਾ ਕਿ ਭਗਤ ਪੂਰਨ ਸਿੰਘ ਵੱਲੋਂ ਸ਼ੁਰੂ ਕੀਤੀ ਮਨੁੱਖਤਾ ਦੀ ਇਸ ਸੇਵਾ ਅੱਗੇ ਅੱਜ ਹਰ ਇਨਸਾਨ ਦਾ ਸਿਰ ਝੁੱਕਦਾ ਹੈ ਅਤੇ ਅਜਿਹੀਆਂ ਸੰਸਥਾਵਾਂ ਤੇ ਪੁਰਖ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਵੱਡਾ ਸਰੋਤ ਹਨ।