ਪਲਾਸਟਿਕ ਦੀ ਵਰਤੋਂ ਖ਼ਿਲਾਫ਼ 5 ਅਗਸਤ ਤੋਂ ਵਿੱਢੀ ਜਾਵੇਗੀ ਜਾਗਰੂਕਤਾ ਮੁਹਿੰਮ: ਹਰੀਸ਼ ਨਈਅਰ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਵਾਸੀਆਂ ਨੂੰ ਕੱਪੜੇ ਦੇ ਥੈਲਿਆਂ ਦੀ ਵਰਤੋਂ ਦਾ ਸੱਦਾ

ਬਰਨਾਲਾ, 2 ਅਗਸਤ

ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਸਹਿਨਸ਼ੀਲਤਾ ਦੀ ਵਚਨਬੱਧਤਾ ਤਹਿਤ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ  5 ਅਗਸਤ ਨੂੰ ਜਾਗਰੂਕਤਾ ਮੁਹਿੰਮ ਵਿੱਢ ਕੇ ਲਿਫਾਫਿਆਂ ਅਤੇ ਇਕ ਵਾਰ ਵਰਤੋਂ ਵਾਲੀ ਪਲਾਸਟਿਕ ’ਤੇ ਪੂਰਨ ਪਾਬੰਦੀ ਦਾ ਸੱਦਾ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।
ਇਸ ਮੌਕੇ ਉਨਾਂ ਦੱਸਿਆ ਕਿ 5 ਅਗਸਤ ਨੂੰ ਮੁੱਖ ਮੰਤਰੀ ਖੁਦ ਵੀ ਸੂਬਾ ਵਾਸੀਆਂ ਨੂੰ ਪਲਾਸਿਟਕ ਮੁਕਤ ਪੰਜਾਬ ਬਣਾਉਣ ਦਾ ਸੱਦਾ ਦੇਣਗੇ। ਇਸ ਤਹਿਤ ਜ਼ਿਲਾ ਬਰਨਾਲਾ ਵਿੱਚ ਵੀ ਜ਼ਿਲਾ ਪੱਧਰੀ ਸਮਾਗਮ ਦੌਰਾਨ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ, ਜਿਸ ਦੌਰਾਨ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੱਦਾ ਦਿੱਤਾ ਜਾਵੇਗਾ ਤੇ ਜੂਟ ਬੈਗ ਵੀ ਵੰਡੇ ਜਾਣਗੇ। ਇਸ ਮਗਰੋਂ ਪਲਾਸਟਿਕ ਵਿਰੋਧੀ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ, ਕਿਉਕਿ ਪਲਾਸਟਿਕ ਕਾਰਨ ਜਿੱਥੇ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ, ਉਥੇ ਮਨੁੱਖੀ ਜ਼ਿੰਦਗੀ ਲਈ ਵੀ ਇਹ ਘਾਤਕ ਹੈ। ਉਨਾਂ ਦੱਸਿਆ ਕਿ ਜਾਗਰੂਕਤਾ ਮੁਹਿੰਮ ਮਗਰੋਂ ਪਲਾਸਟਿਕ ਦੀ ਵਰਤੋਂ ਵਿਰੁੱਧ ਸਖ਼ਤੀ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਹਿਲੀ ਜੁਲਾਈ 2022 ਤੋਂ ਇਕ ਵਾਰ ਦੀ ਵਰਤੋਂ ਵਾਲੇ ਪਲਾਸਟਿਕ ਉਤੇ ਪਾਬੰਦੀ ਲਗਾਈ ਗਈ ਹੈ ਤੇ ਪੰਜਾਬ ਵਿਚ ਵੀ ਇਹ ਨਿਰਦੇਸ਼ ਲਾਗੂ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਸਹਿਯੋਗ ਦੇ ਕੇ ਜ਼ਿਲੇ ਨੂੰ ਪਲਾਸਟਿਕ ਮੁਕਤ ਬਣਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐਸਡੀਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸੁਖਪਾਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਐਕਸੀਅਨ ਵਿਕੀ ਬਾਂਸਲ, ਐਸਡੀਓ ਸਿਮਰਦੀਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

—ਬੌਕਸ ਲਈ ਤਜਵੀਜ਼ਤ—-
ਪਲਾਸਟਿਕ ਲਿਫ਼ਾਫੇ ਬਣਾਉਣ, ਸਟੋਰ ਕਰਨ, ਵੰਡਣ, ਵੇਚਣ ਤੇ ਵਰਤੋਂ ’ਤੇ ਪਾਬੰਦੀ
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਡਾ. ਹਰੀਸ਼ ਨਈਅਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਲਾਸਟਿਕ ਕੈਰੀ ਬੈਗਜ਼ (ਮੈਨੂੰਫੈਕਚਰਜ਼, ਯੂਜ਼ਿਜ਼, ਡਿਸਪੋਜ਼ਲ) ਕੰਟਰੋਲ ਐਕਟ 2005 ਤਹਿਤ ਜ਼ਿਲਾ ਬਰਨਾਲਾ ਅੰਦਰ ਪਲਾਸਟਿਕ ਲਿਫ਼ਾਫੇ ਬਣਾਉਣ, ਸਟੋਰ ਕਰਨ, ਵੰਡਣ, ਵੇਚਣ ਤੇ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 18/09/2022 ਤੱਕ ਲਾਗੂ ਰਹਿਣਗੇ।

 

ਹੋਰ ਪੜੋ:- ਡਿਪਟੀ ਕਮਿਸ਼ਨਰ ਵੱਲੋਂ ਪਿੰਡ ਸਲੇਮ ਸ਼ਾਹ ਵਿਖੇ ਚੱਲ ਰਹੇ ਕੈਟਲ ਪੋਂਡ ਦਾ ਦੌਰਾ

 

Spread the love