ਸਿਖਿਆ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਲਗਾਤਾਰ ਨਵੀਂ ਯੋਜਨਾਬੰਦੀ ਉਲੀਕ ਰਹੀ- ਅਮਨਦੀਪ ਸਿੰਘ
ਫਾਜ਼ਿਲਕਾ, 7 ਫਰਵਰੀ :-
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਖਿਆ ਦੀ ਨੁਹਾਰ ਬਦਲਣ ਲਈ ਲਗਾਤਾਰ ਨਵੀਂ ਯੋਜਨਾਬੰਦੀ ਉਲੀਕ ਰਹੀ ਹੈ। ਵਿਦਿਆਰਥੀਆਂ ਨੂੰ ਸਿਖਿਆ ਦੇ ਪੱਖੋਂ ਹੋਰ ਮਜਬੂਤ ਬਣਾਉਣ ਲਈ ਜਿਥੇ ਅਧਿਆਪਕਾਂ ਨੂੰ ਹੋਰ ਨਵੇਂ ਆਧੁਨਿਕ ਢੰਗ ਰਾਹੀਂ ਸਿਖਲਾਈ ਤਾਂ ਮੁਹੱਈਆ ਕਰਵਾ ਜਾ ਰਹੀ ਹੈ ਦੂਜੇ ਪਾਸੇ ਸਕੂਲਾਂ ਦੇ ਇਨਫਰਾਸਟਕਚਰ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕਾ ਬੱਲੂਆਣਾ ਦੇ ਪਿੰਡ ਬੁਰਜ ਮੁਹਾਰ ਕਲੋਨੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸੁਖਾਵੇਂ ਮਾਹੌਲ ਵਿਚ ਸਿਖਿਆ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਨਵੀਂਆਂ ਬਿਲਡਿੰਗਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਾਸਤੇ ਸ਼ਾਂਤਮਈ ਤੇ ਧਿਆਨਪੁਰਵਕ ਤਰੀਕੇ ਨਾਲ ਸਿਖਿਆ ਹਾਸਲ ਕਰਨ ਲਈ ਚੰਗੀ ਥਾਂ ਦਾ ਹੋਣਾ ਲਾਜਮੀ ਹੈ ਜਿਸ ਕਰਕੇ ਸਰਕਾਰ ਵੱਲੋਂ ਲਗਾਤਾਰ ਵਿਕਾਸ ਪ੍ਰੋਜੈਕਟਾਂ ਨੁੰ ਸ਼ੁਰੂ ਕਰਨ ਦੇ ਨਾਲ-ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।
ਵਿਧਾਇਕ ਸ੍ਰੀ ਗੋਲਡੀ ਮੁਸਾਫਿਰ ਨੇ ਕਿਹਾ ਕਿ ਸਿਖਿਆ ਤੇ ਸਿਹਤ ਸਹੂਲਤਾਂ ਨੂੰ ਬਿਹਤਰ ਤਰੀਕੇ ਨਾਲ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚੋਣਾ ਸਮੇਂ ਕੀਤੀਆਂ ਗਾਰੰਟੀਆਂ ਨੂੰ ਪਹਿਲ ਦੇ ਆਧਾਰ *ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦਾ ਧਿਆਨ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਹਰ ਨਾਗਰਿਕ ਦੇ ਵਿਕਾਸ ਲਈ ਯਤਨਸ਼ੀਲ ਹੈ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਕੂਲ ਦੇ ਸਟਾਫ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸਮੂਹ ਗ੍ਰਾਮ ਪੰਚਾਇਤ, ਪਿੰਡ ਵਾਸੀ, ਸਮੂਹ ਸਕੂਲ ਸਟਾਫ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।