ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ ਐਮ ਦੀ ਯੋਗਸ਼ਾਲਾ ਪੂਰੀ ਤਰਾਂ ਮੁਫ਼ਤ
ਐੱਸ.ਏ.ਐੱਸ. ਨਗਰ, 24 ਅਕਤੂਬਰ 2024
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਮੰਗ ਅਤੇ ਨਿਰੋਗਤਾ ਨੂੰ ਮੁੱਖ ਰੱਖਦਿਆਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿੱਚ ਰੋਜ਼ ਹੀ ਅਲੱਗ- ਅਲੱਗ ਥਾਵਾਂ ਤੇ ਮੁਫਤ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲੈ ਕੇ ਸਰੀਰ ਨੂੰ ਨਿਰੋਗ ਬਣਾਇਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿੱਚ ਵੱਡੀ ਉਮਰ ਦੇ ਲੋਕਾਂ ਵੱਲੋਂ ਵੀ ਭਾਗ ਲਿਆ ਜਾ ਰਿਹਾ ਹੈ। ਇੰਨ੍ਹਾਂ ਕੈਂਪਾਂ ਦੌਰਾਨ ਯੋਗਾ ਅਧਿਆਪਕਾਂ ਵੱਲੋਂ ਲੋਕਾਂ ਨੂੰ ਯੋਗਾ ਦੇ ਲਾਭ ਦੱਸਦੇ ਹੋਏ ਸਿਹਤਮੰਦ ਜਿੰਦਗੀ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਯੋਗਾ ਟ੍ਰੇਨਰ ਪੂਜਾ ਰਾਵਤ ਨੇ ਦੱਸਿਆ ਕਿ ਸੀ.ਐਮ ਯੋਗਸ਼ਾਲਾ ਕਲਾਸਾਂ ਐੱਸ.ਏ.ਐੱਸ. ਨਗਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਹਨ, ਜੋ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਇਨ੍ਹਾਂ ਯੋਗਾ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਨਿਵਾਸੀ ਲਾਭ ਲੈ ਰਹੇ ਹਨ। ਯੋਗਾ ਸੈਸ਼ਨ ਸਵੇਰੇ 6.50 ਵਜੇ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ 6.45 ਵਜੇ ਤੱਕ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ।
ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ਇਸ ਸਕੀਮ ਦਾ ਲੋਕਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ। ਯੋਗਾ ਅਧਿਆਪਕ ਯੋਗਾ ਦੇ ਕਈ ਆਸਨ ਜਿਵੇਂ ਕਿ ਆਸਣ, ਪ੍ਰਾਣਾਯਾਮ ਅਤੇ ਧਿਆਨ ਆਦਿ ਰਾਹੀਂ ਬਿਨਾਂ ਦਵਾਈ ਦੇ ਸਰੀਰ ਨੂੰ ਚੁਸਤ ਅਤੇ ਰੋਗ ਮੁਕਤ ਰੱਖਣ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ। ਕੋਈ ਵੀ ਵਿਅਕਤੀ ਇਨ੍ਹਾਂ ਕਲਾਸਾਂ ਵਿੱਚ ਆ ਕੇ ਯੋਗਾ ਦਾ ਮੁਫਤ ਵਿੱਚ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆਂ ਕਿ ਜੇਕਰ ਕੋਈ ਵਿਅਕਤੀ ਆਪਣੀ ਕਲੋਨੀ ਜਾਂ ਪਾਰਕ ਵਿੱਚ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ ਅਤੇ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਯੋਗਾ ਸੈਸ਼ਨਾਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕਰਨ ਲਈ ਜ਼ਿਲ੍ਹੇ ਵਿੱਚ ਯੋਗਾ ਕੋਚ ਉਪਲਬਧ ਹਨ। ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ।
ਮੋਹਾਲੀ ਵਿੱਚ ਟ੍ਰੇਨਿੰਗ ਦੇ ਰਹੀ ਯੋਗਾ ਅਧਿਆਪਕਾ ਪੂਜਾ ਰਾਵਤ ਨੇ ਦੱਸਿਆ ਕਿ ਲੋਕਾਂ ਵਿੱਚ ਯੋਗਾ ਪ੍ਰਤੀ ਬਹੁਤ ਦਿਲਚਸਪੀ ਪਾਈ ਜਾ ਰਹੀ ਹੈ ਅਤੇ ਉਹ ਖੁਦ ਫੇਸ-1 ਪਾਰਕ-23 ਵਿਖੇ ਸਵੇਰੇ 6.50 ਤੋਂ 7.50 ਤੱਕ ਯੋਗਾ ਕਲਾਸ ਲਗਾਉਂਦੇ ਹਨ। ਉਸ ਉਪਰੰਤ ਫੇਸ-1 ਦੇ ਪਾਰਕ-19 ਵਿਖੇ ਸ਼ਾਮ 5.45 ਤੋਂ 6.45 ਤੱਕ ਕਲਾਸ ਲਗਾਈ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਯੋਗਾ ਦੁਆਰਾ ਬਹੁਤ ਲੋਕਾਂ ਨੇ ਆਪਣੇ ਜੀਵਨ ਨੂੰ ਤੰਦਰੁਸਤ ਕੀਤਾ ਹੈ। ਫੇਜ਼-1 ਵਿਖੇ ਯੋਗਾ ਕਰ ਰਹੀ ਨੀਲਮ ਨੇ ਸ਼ੂਗਰ ਅਤੇ ਹਾਈ ਬੀ. ਪੀ. ਤੋਂ ਛੁਟਕਾਰਾ ਪਾਇਆ ਹੈ। ਇਸੇ ਤਰ੍ਹਾਂ ਹੀ ਸ਼੍ਰੀ ਵਿਜੈ ਕੁਮਾਰ ਵੱਲੋਂ ਵੀ ਮੋਟਾਪੇ ਤੋਂ ਅਤੇ ਸ਼੍ਰੀ ਮਤੀ ਸ਼ਵੇਤਾ ਵੱਲੋਂ ਯੋਗਾ ਰਾਹੀਂ ਚਮੜੀ ਦੇ ਰੋਗਾਂ ਤੋਂ ਨਿਜਾਤ ਪਾਈ ਹੈ।
ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ‘ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।