*ਮਰੀਜ਼ ਦੇ ਸੰਪਰਕ ਵਿਚ ਆਉਣ ਜਾਂ ਕਰੋਨਾ ਦੇ ਲੱਛਣ ਮਹਿਸੂਸ ਹੋਣ ’ਤੇ ਫੌਰੀ ਟੈਸਟ ਕਰਾਉਣ ਦੀ ਅਪੀਲ
ਬਰਨਾਲਾ, 18 ਦਸੰਬਰ
ਕਰੋਨਾ ਵਾਇਰਸ ਤੋਂ ਬਚਾਅ ਦਾ ਸਭ ਤੋਂ ਵੱਡਾ ਤਰੀਕਾ ਟੈਸਟਿੰਗ ਹੈ। ਇਸ ਲਈ ਕਰੋਨਾ ਵਾਇਰਸ ਦਾ ਟੈਸਟ ਕਰਵਾਉਣ ਵਿਚ ਕੋਈ ਦੇਰੀ ਨਾ ਕੀਤੀ ਜਾਵੇ।
ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਨੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਮੌਜੂਦਾ ਦਿਨੀਂ ਕਰੋਨਾ ਵਾਇਰਸ ਦੇ ਟੈਸਟ ਲਈ ਜੋ ਵਿਅਕਤੀ ਆਉਂਦੇ ਹਨ, ਉਹ ਬਿਮਾਰ ਹੁੰਦੇ ਹਨ। ਕਈ ਵਿਅਕਤੀਆਂ ਨੂੰ ਖੰਘ, ਜੁਕਾਮ ਤੇ ਬੁਖਾਰ ਆਦਿ ਜ਼ਿਆਦਾ ਵਿਗੜ ਚੁੱਕਿਆ ਹੁੰਦਾ ਹੈ ਜਾਂ ਕਈਆਂ ਨੂੰ ਹੋਰ ਬਿਮਾਰੀਆਂ ਹੁੰਦੀਆਂ ਹਨ। ਅਜਿਹੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਜ਼ਿਆਦਾ ਵਿਗੜ ਜਾਂਦੀ ਹੈ, ਕਿਉਂਕਿ ਉਹ ਸਮਾਂ ਰਹਿੰਦੇ ਟੈਸਟ ਨਹੀਂ ਕਰਵਾਉਂਦੇ। ਕਈ ਵਾਰ ਮਰੀਜ਼ ਖਾਂਸੀ, ਜੁਕਾਮ ਜਾਂ ਬੁਖਾਰ ਨੂੰ ਮੌਸਮੀ ਸਮਝਦੇ ਹੋਏ ਆਪਣਾ ਇਲਾਜ ਘਰੇਲੂ ਨੁਸਖੇ ਨਾਲ ਕਰਦੇ ਹਨ ਜਾਂ ਹੋਰ ਕਿਤੋਂ ਇਲਾਜ ਕਰਵਾ ਰਹੇ ਹੁੰਦੇ ਹਨ ਅਤੇ ਉਸ ਸਮੇਂ ਤੱਕ ਤਫਲੀਫ ਵਧ ਜਾਂਦੀ ਹੈ। ਇਸ ਕਰ ਕੁਝ ਮਰੀਜ਼ਾਂ ਦੀ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ, ਜਿਸ ਕਰ ਕੇ ਕਰੋਨਾ ਮਰੀਜ਼ਾਂ ਦੀ ਮੌਤ ਦਰ ਵਧੀ ਹੈ।
ਉਨ੍ਹਾਂ ਆਖਿਆ ਕਿ ਜੇਕਰ ਕਰੋਨਾ ਦੇ ਹਲਕੇ ਲੱਛਣ ਵੀ ਮਹਿਸੂਸ ਹੁੰਦੇ ਹਨ ਜਾਂ ਕੋਈ ਵਿਅਕਤੀ ਕਰੋਨਾ ਮਰੀਜ਼ ਦੇ ਸੰਪਰਕ ਵਿਚ ਹੁੰਦਾ ਹੈ, ਪਰ ਉਸ ਨੂੰ ਕਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹੁੰਦੇ ਤਾਂ ਵੀ ਸਬੰਧਤ ਵਿਅਕਤੀ ਟੈਸਟ ਜ਼ਰੂਰ ਕਰਵਾਏ ਤਾਂ ਜੋ ਸਹੀ ਸਮੇਂ ’ਤੇ ਸਥਿਤੀ ਸਪਸ਼ਟ ਹੋ ਸਕੇੇ।
ਉਨ੍ਹ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਹੁਣ ਅਸੀਂ ਕਰੋਨਾ ਵਾਇਰਸ ਵਿਰੁੱਧ ਜੰਗ ਜਿੱਤਣ ਦੇ ਬਿਲਕੁਲ ਕਰੀਬ ਹਾਂ ਤੇ ਅਜਿਹੇ ਸਮੇਂ ਕੋਈ ਅਣਗਹਿਲੀ ਨਾ ਕਰੀਏ। ਸਰਕਾਰੀ ਹਸਪਤਾਲਾਂ ਵਿਚ ਕਰੋਨਾ ਵਾਇਰਸ ਦੇ ਟੈਸਟ ਬਿਲਕੁਲ ਮੁਫਤ ਹੁੰਦੇ ਹਨ ਤੇ ਟੈਸਟ ਕਰਾਉਣ ਵਿਚ ਕੋਈ ਤਕਲੀਫ ਨਹੀਂ ਹੁੰਦੀ, ਇਸ ਲਈ ਟੈਸਟ ਜ਼ਰੂਰ ਕਰਾਇਆ ਜਾਵੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰੋਨਾ ਵੈਕਸੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਜਾਂਦੀ, ਉਦੋਂ ਤੱਕ ਜ਼ਰੂਰੀ ਸਾਵਧਾਨੀਆਂ ਜਿਵੇਂ ਮਾਸਕ ਪਾਉਣ, ਸਮੇਂ-ਸਮੇਂ ’ਤੇ ਹੱਥ ਧੋਣ ਤੇ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ’ਤੇ ਫੌਰੀ ਸਿਹਤ ਵਿਭਾਗ ਨਾਲ ਰਾਬਤਾ ਬਣਾਇਆ ਜਾਵੇ।