*ਵਿਧਾਇਕ ਅੰਗਦ ਸਿੰਘ ਅਤੇ ਕੌਂਸਲਰਾਂ ਨੇ ਮੂੰਹ ਮਿੱਠਾ ਕਰਵਾ ਕੇ ਕੁਰਸੀ ’ਤੇ ਬਿਠਾਇਆ
ਨਵਾਂਸ਼ਹਿਰ, 30 ਅਪ੍ਰੈਲ :
ਸਚਿਨ ਦੀਵਾਨ ਨੇ ਅੱਜ ਵਿਧਾਇਕ ਅੰਗਦ ਸਿੰਘ ਅਤੇ ਸਮੂਹ ਕੌਂਸਲਰਾਂ ਦੀ ਮੌਜੂਦਗੀ ’ਚ ਵਿਧੀਵਤ ਰੂਪ ਵਿਚ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲ ਲਿਆ। ਇਸ ਦੌਰਾਨ ਸਚਿਨ ਦੀਵਾਨ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਉਨਾਂ ਨੂੰ ਕੁਰਸੀ ’ਤੇ ਬਿਠਾਇਆ ਗਿਆ।
ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਵਜੋਂ ਚਾਰਜ ਸੰਭਾਲਦਿਆਂ ਸਚਿਨ ਦੀਵਾਨ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ ਨਾਲ ਉਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਬਾਖੂਬੀ ਨਿਭਾਉਂਦੇ ਹੋਏ ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨਾਂ ਸਮੂਹ ਨਗਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਸਭਨਾਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਨੂੰ ਖ਼ੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ ਕਰਵਾਇਆ ਜਾਵੇਗਾ ਅਤੇ ਉਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ।
ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਪ੍ਰਧਾਨ ਸਚਿਨ ਦੀਵਾਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨਾਂ ਦੀ ਹੁਣ ਕੁਰਸੀ ’ਤੇ ਬੈਠਣ ਉਪਰੰਤ ਜਿੰਮੇਵਾਰੀ ਹੋਰ ਵੱਧ ਗਈ ਹੈ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਉਨਾਂ ਕਿਹਾ ਕਿ ਮੂਸਾਪੁਰ ਰੋਡ ’ਤੇ ਕੂੜੇ ਦੇ ਡੰਪ ਨੂੰ ਮੌਜੂਦਾ ਜਗਾ ਤੋਂ ਚੁਕਵਾਉਣ ਲਈ ਨਗਰ ਕੌਂਸਲ ਵਿਚ ਜਲਦ ਮਤਾ ਪਾਇਆ ਜਾਵੇ। ਇਸ ਦੇ ਨਾਲ ਹੀ ਸ਼ਹਿਰੀ ਮਕਾਨਾਂ ਦੇ ਨਕਸ਼ੇ ਸਬੰਧੀ ਘੱਟ ਤੋਂ ਘੱਟ ਫੀਸ ਲਈ ਜਾਵੇ ਅਤੇ ਨਗਰ ਕੌਂਸਲ ਵਿਚ ਹਰੇਕ ਵਰਕਰ ਦਾ ਸਿਹਤ ਬੀਮਾ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਉਨਾਂ ਨੂੰ ਯਕੀਨ ਹੈ ਕਿ ਪ੍ਰਧਾਨ ਸਚਿਨ ਦੀਵਾਨ ਆਪਣੀ ਕਾਬਲੀਅਤ ਅਤੇ ਸਾਥੀਆਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੰੁਚਾਉਣਗੇ।