ਐਸ ਏ ਐਸ ਨਗਰ/ ਮਾਜਰੀ, 07 ਅਪਰੈਲ , 2021 ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਡਾ ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਪਿੰਡ ਕਾਦੀਮਾਜਰਾ ਵਿਖੇ ਕਿਸਾਨ ਤੇ ਕੰਬਾਈਨ ਮਾਲਕ ਗੁਰਦਰਸ਼ਨ ਸਿੰਘ ਖੇੜੀ ਨਾਲ ਗੱਲਬਾਤ ਕਰਦਿਆਂ ਡਾ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਕਿਹਾ ਕਿ ਸੁਪਰ ਐਸ ਐਮ ਐਸ ਵਾਲੀ ਕੰਬਾਇਨ ਮਸ਼ੀਨ ਨਾਲ ਕਣਕ ਦੀ ਕਟਾਈ ਦਿਨ ਸਮੇਂ ਫਸਲ ਪੂਰੀ ਤਰ੍ਹਾਂ ਪੱਕਣ ‘ਤੇ ਹੀ ਕੀਤੀ ਜਾਵੇ। ਇਸ ਮੌਕੇ ਡਾ ਗੁਰਬਚਨ ਸਿੰਘ ਨੇ ਕੰਬਾਈਨ ਮਾਲਕ ਅਤੇ ਕਿਸਾਨਾਂ ਨੂੰ ਕਿਹਾ ਕਿ ਕਰੋਨਾ ਬਿਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਇਨਜ਼ ਦੀ ਪਾਲਣ ਕੀਤਾ ਜਾਵੇ ਅਤੇ ਇਕ ਪਿੰਡ ਤੋਂ ਦੂਜੇ ਪਿੰਡ ਜਾਣ ਸਮੇਂ ਕੰਬਾਈਨ ਮਸ਼ੀਨ ਨੂੰ ਸੈਨੇਟੀਜ਼ ਕੀਤਾ ਜਾਵੇ। ਉਨ੍ਹਾਂ ਕਿਸਾਨ ਅਵਤਾਰ ਸਿੰਘ ਸਮੇਤ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ,ਮਿੱਤਰ ਕੀੜੇ ਸੜ ਜਾਂਦੇ ਹਨ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।
ਇਸ ਮੌਕੇ ਵਿਭਾਗ ਦੇ ਗੁਰਚਰਨ ਸਿੰਘ ਟੈਕਨੀਸ਼ੀਅਨ, ਸਵਿੰਦਰ ਕੁਮਾਰ ਅਤੇ ਜਸਵੰਤ ਸਿੰਘ ਏ ਟੀ ਐਮ ਹਾਜ਼ਰ ਸਨ।