ਡੀ.ਸੀ. ਵੱਲੋਂ ਐਸ.ਪੀ.ਐਸ. ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਦੀ ਸੁਰੂਆਤ, ਕੋਵਿਸ਼ਿਲਡ ਦੀਆਂ 25 ਹਜ਼ਾਰ ਖੁਰਾਕਾਂ ਪੁੱਜੀਆਂ

ਐਤਵਾਰ ਤੋਂ ਡ੍ਰਾਈਵ ਥਰੂ ਵੈਕਸੀਨੇਸ਼ਨ ਦਾ ਵੀ ਹੋਵੇਗਾ ਪ੍ਰਬੰਧ
ਤੇਜ਼ ਟੀਕਾਕਰਨ ਰਾਹੀਂ ਮਹਾਂਮਾਰੀ ਦੀ ਇਕ ਹੋਰ ਲਹਿਰ ਨੂੰ ਰੋਕਿਆ ਜਾ ਸਕਦਾ ਹੈ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
ਲੁਧਿਆਣਾ, 31 ਮਈ 2021 ਲੁਧਿਆਣਾ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਇੱਕ ਪੁਲਾਂਘ ਹੋਰ ਅੱਗੇ ਪੁੱਟਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਥਾਨਕ ਸਤਿਗੁਰੂ ਪ੍ਰਤਾਪ ਸਿੰਘ (ਐਸ.ਪੀ.ਐਸ.) ਹਸਪਤਾਲ ਵਿੱਚ ਟੀਕਾਕਰਣ ਸਹੂਲਤ ਦੀ ਸ਼ੁਰੂਆਤ ਕੀਤੀ।
ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਦੇ ਨਾਲ, ਸ੍ਰੀ ਸ਼ਰਮਾ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਕੋਵਿਡਸ਼ਿਲਡ ਦੀਆਂ 25000 ਖੁਰਾਕਾਂ ਦੀ ਖਰੀਦ ਕਰਕੇ ਇਸ ਮਾਰੂ ਬਿਮਾਰੀ ਵਿਰੁੱਧ ਲੜਾਈ ਵਿਚ ਸ਼ਾਮਲ ਹੋਣ ਲਈ ਐਸ.ਪੀ.ਐਸ. ਹਸਪਤਾਲ ਦੇ ਉੱਦਮ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਟੀਕਾਕਰਨ ਡੈਸਕ ਇਥੇ ਸਵੇਰੇ 9 ਵਜੇ ਤੋਂ ਸ਼ਾਮ 7:30 ਵਜੇ ਤੱਕ ਚੱਲੇਗਾ ਅਤੇ ਜਿਹੜੇ ਲੋਕ ਆਪਣੀ ਨੌਕਰੀ ਜਾਂ ਕਾਰੋਬਾਰ ਦੇ ਰੁਝੇਂਵਿਆਂ ਕਰਕੇ ਸਵੇਰ ਦੇ ਸਮੇਂ ਟੀਕਾਕਰਨ ਕਰਵਾਉਣ ਵਿੱਚ ਅਸਮਰੱਥ ਹਨ, ਉਹ ਵੀ ਦੇਰ ਸ਼ਾਮ ਵੈਕਸੀਨ ਲਗਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਨੂੰ ਆਪਣਾ ਵਾਹਨ ਚਲਾਉਂਦੇ ਹੋਏ (ਡ੍ਰਾਈਵ ਥਰੂ) ਟੀਕਾਕਰਣ ਵੀ ਇਥੇ ਸ਼ੁਰੂ ਕੀਤਾ ਜਾਵੇਗਾ ਅਤੇ ਲੋਕ ਕਾਰਾਂ, ਮੋਟਰਸਾਈਕਲਾਂ ਜਾਂ ਹੋਰਾਂ ਸਾਧਨਾਂ ਰਾਹੀਂ ਇਥੇ ਆ ਸਕਦੇ ਹਨ ਅਤੇ ਆਪਣੇ-ਆਪਣੇ ਵਾਹਨਾਂ ਵਿਚ ਬੈਠ ਕੇ ਟੀਕਾਕਰਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਵੱਧ ਤੋਂ ਵੱਧ ਲੋਕ ਨਿੱਜੀ ਸਿਹਤ ਸੰਸਥਾਵਾਂ ਵਿੱਚ ਨਾਮਾਤਰ ਖਰਚੇ ਦੇ ਕੇ ਆਪਣੇ ਘਰਾਂ ਦੇ ਨਜ਼ਦੀਕ ਜੀਵਨ ਦਾਨ ਦੇਣ ਵਾਲੀ ਵੈਕਸੀਨ ਹਾਸਲ ਕਰ ਸਕਣਗੇ ਜਦੋਂਕਿ ਸਰਕਾਰੀ ਸਿਹਤ ਕੇਂਦਰਾਂ ਰਾਹੀਂ ਇਹ ਟੀਕਾਕਰਨ ਮੁਫਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜ ਨਿੱਜੀ ਹਸਪਤਾਲਾਂ ਵੱਲੋਂ ਟੀਕਾਕਰਨ ਦੀ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਨਿੱਜੀ ਸਿਹਤ ਸੰਸਥਾਵਾਂ/ਹਸਪਤਾਲ ਵੱਲੋਂ ਵੀ ਵੈਕਸੀਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਲੋਕ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਦੇ ਕੁੱਲ 7.8 ਲੱਖ ਲੋਕਾਂ ਨੇ 30 ਮਈ, 2021 ਤੱਕ ਜਾਨ ਬਚਾਉਣ ਵਾਲੀ ਵੈਕਸੀਨ ਦੀ ਪਹਿਲੀ ਜਾਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ ਅਤੇ ਹਰ ਯੋਗ ਵਿਅਕਤੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਆਪਣਾ ਟੀਕਾਕਰਨ ਕਰਵਾਉਣ ਤਾਂ ਜੋ ਅਸੀਂ ਤੀਜੀ ਲਹਿਰ ਤੋਂ ਬਚ ਸਕੀਏ ਅਤੇ ਕੀਮਤੀ ਜਾਨਾਂ ਨੂੰ ਬਚਾ ਸਕੀਏ।
ਉਨ੍ਹਾਂ ਕਿਹਾ ਕਿ ਤੇਜ਼ ਟੀਕਾਕਰਨ ਇਸ ਮਹਾਂਮਾਰੀ ਦੀ ਇਕ ਹੋਰ ਲਹਿਰ ਨੂੰ ਰੋਕਣ ਦਾ ਇੱਕੋ-ਇੱਕ ਹੱਲ ਹੈ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਲੁਧਿਆਣਵੀਆਂ ਦਾ ਪੂਰਨ ਤੌਰ ‘ਤੇ ਕੋਵਿਡ ਟੀਕਾਕਰਨ ਕਰਵਾਉਣ ਲਈ ਵਚਨਬੱਧ ਹੈ।

Spread the love