ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ 10 ਕਰੋੜ ਰੁਪਏ ਦੀ ਗਰਾਂਟ ਮੋਹਾਲੀ ਨਗਰ ਨਿਗਮ ਨੂੰ ਸੌਂਪੀ

Sorry, this news is not available in your requested language. Please see here.

ਨਗਰ ਨਿਗਮ ਦੇ ਨਵੇਂ ਕੌਸਲਰਾਂ ਦੇ ਚਾਰਜ ਲੈਣ ਤੋਂ ਬਾਅਦ ਲਗਭਗ 65 ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਏ : ਸ.ਬਲਬੀਰ ਸਿੰਘ ਸਿੱਧੂ
ਜਨ ਸਿਹਤ ਵਿਭਾਗ ਦਾ ਸਾਰਾ ਕੰਮ ਨਗਰ ਨਿਗਮ ਵੱਲੋਂ ਲਿਆ ਜਾਏਗਾ ਆਪਣੇ ਅਧੀਨ
ਬਿਜਲੀ ਵਿਭਾਗ ਤੋਂ ਚੁੰਗੀ ਦੇ ਬਕਾਇਆ ਦਿਵਾਏ ਜਾਣਗੇ 30 ਕਰੋੜ ਰੁਪਏ
ਵਿਕਾਸ ਕਾਰਜਾਂ ਵਾਸਤੇ ਫੰਡਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਘਾਟ
ਐਸ.ਏ.ਐਸ ਨਗਰ, 18 ਜੂਨ 2021
ਐਸ.ਏ.ਐਸ ਨਗਰ ਵਿੱਚ ਵਿਕਾਸ ਕਾਰਜਾਂ ਵਾਸਤੇ ਕਿਸੇ ਵੀ ਹਾਲਤ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੁਹਾਲੀ ਨਗਰ ਨਿਗਮ ਨੂੰ ਨਵੇਂ ਕੌਸਲਰਾਂ ਵੱਲੋਂ ਨਗਰ ਨਿਗਮ ਦਾ ਚਾਰਜ ਸੰਭਾਲਣ ਤੋਂ ਕੁਝ ਸਮੇਂ ਦੇ ਦੌਰਾਨ ਹੀ ਲਗਭਗ 65 ਕਰੋੜ ਰੁਪਏ ਦੇ ਫੰਡ ਵਿਕਾਸ ਕਾਰਜਾਂ ਵਾਸਤੇ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਫੇਜ਼ 3 ਅਧੀਨ 10 ਕਰੋੜ ਰੁਪਏ ਦੀ ਗਰਾਂਟ ਮੋਹਾਲੀ ਨਗਰ ਨਿਗਮ ਨੂੰ ਸੌਂਪਣ ਸਮੇਂ ਕੀਤਾ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਵਾਇਸ ਚੇਅਰਮੈਨ ਲੇਬਰ ਫੈਡ ਸ੍ਰੀ ਮੋਹਨ ਸਿੰਘ ਠੇਕਦਾਰ ਮੌਜ਼ੂਦ ਸਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ 16.38 ਕਰੋੜ ਰੁਪਏ ਦੇ ਵਿਕਾਸ ਕਾਰਜ ਆਰੰਭ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਮੋਹਾਲੀ ਦੀ ਮੁੱਖ ਸੜਕ ਉੱਤੇ ਪਾਏ ਗਏ ਸੀਵਰ ਪਾਈਪ ਦੇ ਉੱਤੇ ਸੜਕ ਬਣਾਉਣ ਲਈ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਦੋਂ ਕਿ ਬਾਕੀ ਰਕਮ ਹੋਰਨਾਂ ਵਾਰਡਾਂ ਵਿਚ ਵਿਕਾਸ ਕਾਰਜਾਂ ਉਤੇ ਖਰਚ ਕੀਤੀ ਜਾਵੇਗੀ। ਸ. ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ 22.79 ਕਰੋੜ ਰੁਪਏ ਦੇ ਵੱਖ ਵੱਖ ਕੰਮ ਵਿੱਤ ਅਤੇ ਠੇਕਾ ਕਮੇਟੀ ਨੇ ਪਾਸ ਕੀਤੇ ਹਨ ਇਨ੍ਹਾਂ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਅਗਲੇ ਹਫ਼ਤੇ ਇਹ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਇਕ ਹੋਰ ਅਹਿਮ ਐਲਾਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੋਹਾਲੀ ਵਿਚ ਜਨ ਸਿਹਤ ਵਿਭਾਗ ਦਾ ਸਾਰਾ ਕੰਮ ਮੋਹਾਲੀ ਨਗਰ ਨਿਗਮ ਦੇ ਅਧੀਨ ਲਿਆ ਜਾਵੇਗਾ ਅਤੇ ਸਿੰਗਲ ਵਿੰਡੋ ਤੇ ਮੋਹਾਲੀ ਦੇ ਲੋਕਾਂ ਦੇ ਸਾਰੇ ਕੰਮ ਹੋਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਵਿਭਾਗ ਦੇ ਕਰਮਚਾਰੀ ਡੈਪੂਟੇਸ਼ਨ ਤੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਜਨ ਸਿਹਤ ਦੇ ਸਾਰੇ ਪੈਸੇ ਤਾਂ ਨਗਰ ਨਿਗਮ ਵੱਲੋਂ ਹੀ ਦਿੱਤੇ ਜਾਂਦੇ ਹਨ ਪਰ ਕੰਮ ਜਨ ਸਿਹਤ ਵਿਭਾਗ ਵੱਲੋਂ ਕੀਤੇ ਜਾਂਦੇ ਸਨ ਜਿਸ ਕਾਰਨ ਜਨ ਸਿਹਤ ਵਿਭਾਗ ਦੇ ਅਧੀਨ ਹੋਣ ਵਾਲੇ ਕੰਮਾਂ ਵਿਚ ਸਮਾਂ ਲੱਗਦਾ ਸੀ ਅਤੇ ਲੋਕ ਖੱਜਲ ਖੁਆਰ ਹੁੰਦੇ ਸਨ।
ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਨੇ ਬਿਜਲੀ ਬੋਰਡ ਤੋਂ 30 ਕਰੋੜ ਰੁਪਏ ਲੈਣੇ ਹਨ ਜੋ ਕਿ ਬਿਜਲੀ ਵਿਭਾਗ ਆਪਣੇ ਬਿੱਲਾਂ ‘ਚ ਚੁੰਗੀ ਰਾਹੀਂ ਲੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਿਜਲੀ ਵਿਭਾਗ ਦੇ ਚੇਅਰਮੈਨ ਵੇਣੂੰ ਪ੍ਰਸਾਦ ਨਾਲ ਗੱਲ ਹੋ ਚੁੱਕੀ ਹੈ ਅਤੇ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਹੀ ਲਗਭਗ 25 ਕਰੋੜ ਰੁਪਏ ਨਗਰ ਨਿਗਮ ਨੂੰ ਮਿਲ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਮੁਹਾਲੀ ਦੇ ਸਨਅਤੀ ਖੇਤਰ ਫੇਜ਼ 8ਏ, 8ਬੀ ਅਤੇ ਸੈਕਟਰ 74 ਮੁਹਾਲੀ ਦੇ ਸਨਅਤੀ ਖੇਤਰ ਨੂੰ ਨਗਰ ਨਿਗਮ ਦੇ ਅਧੀਨ ਲੈਣ ਦਾ ਮਤਾ ਪਾਸ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਸੀ, ਕਿ ਉਨ੍ਹਾਂ ਨੂੰ ਨਗਰ ਨਿਗਮ ਦੇ ਅਧੀਨ ਲਿਆ ਜਾਵੇ ਕਿਉਂਕਿ ਪਹਿਲਾਂ ਇਸ ਪੂਰੇ ਖੇਤਰ ਦਾ ਰੱਖ ਰਖਾਓ ਪੀ.ਐੱਸ.ਆਈ.ਸੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਕਤ ਵਿਭਾਗ ਵੱਲੋਂ 2.5 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਇਸ ਖੇਤਰ ਨੂੰ ਟੇਕ-ਓਵਰ ਕਰਨ ਤੋਂ ਬਾਅਦ ਮੋਹਾਲੀ ਨਗਰ ਨਿਗਮ ਵੱਲੋਂ ਇੱਥੇ ਵੀ ਵਿਕਾਸ ਕਾਰਜ ਆਰੰਭ ਕਰਵਾਏ ਜਾਣਗੇ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਨਵੀਂ ਚੁਣੀ ਗਈ ਨਗਰ ਨਿਗਮ ਵੱਲੋਂ ਚਾਰਜ ਲੈਣ ਤੋਂ ਬਾਅਦ ਮੋਹਾਲੀ ਨਗਰ ਨਿਗਮ ਨੂੰ 65 ਕਰੋੜ ਰੁਪਏ ਦੀ ਰਕਮ ਵਿਕਾਸ ਕਾਰਜਾਂ ਵਾਸਤੇ ਲੈ ਕੇ ਦਿੱਤੀ ਹੈ, ਜਿਸ ਵਿਚੋਂ 25 ਕਰੋੜ ਰੁਪਏ ਗਮਾਡਾ ਤੋਂ ਲੈ ਕੇ ਦਿੱਤੇ ਗਏ ਹਨ ਜਦੋਂ ਕਿ ਬਾਕੀ ਰਕਮ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਫੇਜ਼ ਇੱਕ ਅਤੇ ਦੋ ਅਧੀਨ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸਮੁੱਚੇ ਮੁਹਾਲੀ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਮੋਹਾਲੀ ਸ਼ਹਿਰ ਨੂੰ ਪੰਚਕੂਲਾ ਅਤੇ ਚੰਡੀਗੜ੍ਹ ਤੋਂ ਵੀ ਵਧੀਆ ਢੰਗ ਨਾਲ ਵਿਕਸਤ ਕੀਤਾ ਜਾਵੇਗਾ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਛਤਰ ਛਾਇਆ ਅਤੇ ਯੋਗ ਅਗਵਾਈ ਹੇਠ ਮੁਹਾਲੀ ਨਗਰ ਨਿਗਮ ਵੱਲੋਂ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਹਾਲੀ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਿਆ ਜਾਂਦਾ ਰਹੇਗਾ ਅਤੇ ਮੁਹਾਲੀ ਦੇ ਵਸਨੀਕਾਂ ਦੀ ਸਲਾਹ ਅਤੇ ਸੁਝਾਵਾਂ ਅਤੇ ਵੱਖ ਵੱਖ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾਣਗੇ।
ਫੋਟੋ ਕੈਪਸ਼ਨ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਫੇਜ਼ 3 ਅਧੀਨ 10 ਕਰੋੜ ਰੁਪਏ ਦੀ ਗਰਾਂਟ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੂੰ ਸੌਂਪਦੇ ਹੋਏ।

Spread the love