ਪਟਿਆਲਾ, 21 ਜੂਨ 2021
ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਵਰਚੂਅਲ ਤਰੀਕੇ ਨਾਲ ਮਨਾਇਆ ਗਿਆ ਜਿਸਨੂੰ ਪਟਿਆਲਾ ਵਾਸੀਆਂ ਨੇ ਉਤਸ਼ਾਹ ਨਾਲ ਸਫਲ ਬਣਾਇਆ। ਆਯੂਸ਼ ਵਿਭਾਗ ਪਟਿਆਲਾ ਵੱਲੋਂ ਕਰਵਾਏ ਗਏ ਆਨ ਲਾਈਨ ਸਮਾਗਮ ਦੌਰਾਨ ਵੱਡੀ ਗਿਣਤੀ ਸਮਾਜਿਕ ਸੰਸਥਾਵਾਂ, ਵਿਦਿਆਰਥੀਆਂ, ਖਿਡਾਰੀਆਂ, ਸਥਾਨਕ ਵਸਨੀਕਾਂ ਅਤੇ ਮਹੱਤਵਪੂਰਨ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਇਸ ਸਮੇਂ ਦੌਰਾਨ ਆਯੂਸ਼ ਵਿਭਾਗ, ਪੰਜਾਬ ਦੇ ਯੋਗ ਮਾਹਿਰਾਂ ਅਤੇ ਆਯੁਰਵੈਦਿਕ ਡਾਕਟਰਾਂ ਨੇ ਯੋਗ ਦੇ ਲਾਭ ਦੱਸੇ ਪ੍ਰਾਣਾਯਾਮ, ਮੰਤਰ ਪਾਠ ਅਤੇ ਪ੍ਰਾਚੀਨ ਯੋਗਾ ਸਮੇਤ ਵੱਖ ਵੱਖ ਯੋਗਾ ਸੈਸ਼ਨ ਕਰਵਾਏ।
ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਕਮ- ਨੋਡਲ ਅਫ਼ਸਰ ਡਾ. ਅਨਿਲ ਗਰਗ ਨੇ ਰੋਟਰੀ ਕਲੱਬ ਵਿਖੇ ਯੋਗਾ ਮਾਹਰਾਂ ਨਾਲ ਆਨ ਲਾਈਨ ਹੋਕੇ ਯੋਗਾ ਸਬੰਧੀ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਅਮਨ, ਡਾ. ਮਨੀਸ਼ ਸਿੰਗਲਾ, ਡਾ. ਸਿਖੀ, ਡਾ. ਰੰਜਨਾ ਅਤੇ ਡਾ. ਗਗਨ ਵੱਲੋਂ ਯੋਗਾ ਕਰਵਾਇਆ ਗਿਆ।
ਯੁਵਕ ਸੇਵਾਵਾਂ ਵਿਭਾਗ ਨੇ ਕਰਵਾਇਆ ਯੋਗਾ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਦੀ ਅਗਵਾਈ ‘ਚ ਵਿਭਾਗ ਨਾਲ ਜੁੜੇ ਸਕੂਲਾਂ ਤੇ ਕਾਲਜਾਂ ਦੇ ਸੈਂਕੜੇ ਵਲੰਟੀਅਰਾਂ ਅਤੇ ਯੂਥ ਕਲੱਬਾਂ ਨੇ ਮਿਲਕੇ ਸੱਤਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ।
ਡਾ. ਮਾਨ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਐਨ.ਐਸ.ਐਸ ਵਲੰਟੀਅਰਜ਼ ਵੱਲੋਂ ਵੱਖ-ਵੱਖ ਆਨ ਲਾਈਨ ਸਾਧਨਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਪਬਲਿਕ ਕਾਲਜ ਸਮਾਣਾ, ਨੈਨਸੀ ਗਰੁੱਪ ਆਫ਼ ਕਾਲਜਿਜ, ਸੰਤ ਕਬੀਰ ਕਾਲਜ ਕੌਲੀ, ਜਸਦੇਵ ਸਿੰਘ ਸੰਧੂ ਕਾਲਜ ਕੌਲ, ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਪਟਿਆਲਾ ਦੇ ਨੋਡਲ ਅਫ਼ਸਰਾਂ ਦੀ ਅਗਵਾਈ ‘ਚ ਵਿਸ਼ੇਸ਼ ਸੈਸ਼ਨ ਵੀ ਕਰਵਾਏ ਗਏ। ਇਸੇ ਤਰ੍ਹਾਂ ਸਕੂਲਾਂ ‘ਚ ਯਾਦਵਿੰਦਰਾ ਸਕੂਲ, ਓ.ਪੀ.ਐਲ. ਗਰਲਜ਼ ਸਕੂਲ, ਸਿਵਲ ਲਾਈਨਜ਼ ਸਮਾਰਟ ਸਕੂਲ, ਰਾਇਨ ਇੰਟਰਨੈਸ਼ਨਲ ਸਕੂਲ ਸਮੇਤ ਵੱਡੀ ਗਿਣਤੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਨ ਲਾਈਨ ਯੋਗਾ ਦਿਵਸ ‘ਚ ਹਿੱਸਾ ਲਿਆ।