75 ਫੀਸਦੀ ਰਜਿਸਟਰਡ ਪਰਿਵਾਰਾਂ ਨੂੰ ਕੀਤਾ ਜਾ ਚੁੱਕਾ ਹੈ ਕਵਰ
ਸਾਰੇ ਰਜਿਸਟਰਡ ਪਰਿਵਾਰਾਂ ਨੂੰ ਲਾਭ ਦੇਣ ਲਈ ਕੈਂਪ ਜਾਰੀ
ਕਾਮਨ ਸਰਵਿਸ ਸੈਂਟਰਾਂ ਤੇ ਸੇਵਾ ਕੇਂਦਰਾਂ ਰਾਹੀਂ ਈ-ਕਾਰਡ ਬਣਵਾਉਣ ਦੀ ਅਪੀਲ
ਬਰਨਾਲਾ, 28 ਜੂਨ 2021
ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲਾ ਬਰਨਾਲਾ ਵਿੱਚ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਵਿੱਢੀ ਵਿਆਪਕ ਮੁਹਿੰਮ ਤਹਿਤ 1.46 ਲੱਖ ਤੋਂ ਵੱਧ ਵਿਅਕਤੀਆਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਪਰਿਵਾਰਾਂ ਦਾ ਸਾਲਾਨਾ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਮੁਫਤ ਹੈ। ਇਸ ਸਕੀਮ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਮਨ ਸਰਵਿਸ ਸੈਂਟਰਾਂ ਰਾਹੀਂ ਕੈਂਪ ਲਗਾ ਕੇ ਅਤੇ ਸੇਵਾ ਕੇਂਦਰਾਂ ਵਿਚ ਇਹ ਸੇਵਾ ਦੇ ਕੇ ਜ਼ਿਲੇ ਦੇ 66,637 ਪਰਿਵਾਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਇਸ ਤਹਿਤ 1,46,380 ਯੋਗ ਵਿਅਕਤੀਆਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ। ਇਸ ਤਰਾਂ ਸਕੀਮ ਲਈ ਯੋਗ ਵਿਅਕਤੀਆਂ ਵਿਚੋਂ 75.36 ਪਰਿਵਾਰਾਂ ਦੇ ਈ ਕਾਰਡ ਬਣਾਏ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦਾ ਟੀਚਾ ਹੈ ਕਿ ਇਸ ਸਕੀਮ ਅਧੀਨ ਰਜਿਸਟਰਡ ਹਰ ਲਾਭਪਾਤਰੀ ਦਾ ਈ-ਕਾਰਡ ਬਣੇ ਤਾਂ ਜੋ ਉਹ ਨਗਦੀ ਰਹਿਤ ਮੁਫਤ ਇਲਾਜ ਦੀ ਸਹੂਲਤ ਦਾ ਲਾਭ ਲੈ ਸਕੇ। ਇਸੇ ਉਦੇਸ਼ ਤਹਿਤ ਕਾਮਨ ਸਰਵਿਸ ਸੈਂਟਰਾਂ ਰਾਹੀਂ ਅਤੇ ਸੇਵਾ ਕੇਂਦਰਾਂ ਰਾਹੀਂ ਈ ਕਾਰਡ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਜਿਹੜੇ ਰਜਿਸਟਰਡ ਵਿਅਕਤੀ ਅਜੇ ਵੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਤੋਂ ਵਾਂਝੇ ਹਨ, ਉਹ ਆਪਣਾ ਈ-ਕਾਰਡ ਜ਼ਰੂਰ ਬਣਵਾਉਣ।