ਬਟਾਲਾ, 1 ਜੁਲਾਈ 2021 ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੇ ਸੀ-ਡੈਕ ਮੁਹਾਲੀ ਵਲੋਂ ਵਿਕਸਤ ਏਕੀਕਿ੍ਰਤ ਟੈਲੀਮੇਡੀਸਨਲ ਸਲਿਊਸ਼ਨ, “ਈ-ਸੰਜੀਵਨੀ-ਆਨਲਾਈਨ ਓਪੀਡੀ ” (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਉਪਰਾਲਾ ਪੇਂਡੂ ਖੇਤਰਾਂ ਦੇ ਆਮ ਲੋਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਦੀ ਪਹੁੰਚਾਉਣ ਲਈ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਈ-ਸੰਜੀਵਨੀ ਆਨਲਾਈਨ ਓਪੀਡੀ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਚੇਅਰਮੈਨ ਸ. ਚੀਮਾ ਨੇ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਟੈਲੀਮੇਡਸੀਨ ਸੇਵਾਵਾਂ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਲਾਗੂ ਕੀਤਾ ਹੈ। ਇਸ ਦੁਆਰਾ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਤੋਂ ਇਲਾਵਾ ਇਸ ਸੇਵਾ ਬੁਨਿਆਦੀ ਢਾਂਚੇ ਦੀ ਘਾਟ ਅਤੇ ਮਨੁੱਖੀ ਸਰੋਤਾਂ ਦੀ ਘਾਟ ਨਾਲ ਸਬੰਧਤ ਮੁੱਦਿਆਂ ਨੂੰ ਬਹੁਤ ਹੱਦ ਤਕ ਹੱਲ ਕਰਨ ਵਿਚ ਸਹਾਈ ਹੋਵੇਗੀ। ਈ-ਸੰਜੀਵਨੀ ਦਾ ਉਦੇਸ਼ ਸ਼ਹਿਰੀ ਤੇ ਪੇਂਡੂ ਅਤੇ ਅਮੀਰ ਬਨਾਮ ਗਰੀਬਾਂ ਵਿਚਕਾਰ ਮੌਜੂਦ ਡਿਜੀਟਲ ਵੰਡ ਨੂੰ ਪੂਰਾ ਕਰਦਿਆਂ ਸਿਹਤ ਸੇਵਾਵਾਂ ਨੂੰ ਬਰਾਬਰ ਬਣਾਉਣਾ ਹੈ।
ਸ. ਚੀਮਾ ਨੇ ਕਿਹਾ ਕਿ ਈ-ਸੰਜੀਵਨੀ ਓਪੀਡੀ ਤਹਿਤ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਟੋਕਨ ਜਨਰੇਸ਼ਨ, ਕਤਾਰ ਪ੍ਰਬੰਧਨ, ਸਬੰਧਤ ਡਾਕਟਰ ਨਾਲ ਆਡੀਓ-ਵੀਡੀਓ ਮਸ਼ਵਰਾ, ਈ-ਪ੍ਰਸਕਿ੍ਰਪਸ਼ਨ, ਐਸਐਮਐਸ/ ਈਮੇਲ ਨੋਟੀਫਿਕੇਸ਼ਨ ਕਰਨ ਦੇ ਨਾਲ ਰਾਜ ਦੇ ਡਾਕਟਰਾਂ ਦੁਆਰਾ ਸੇਵਾਵਾਂ (ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ) ਪੂਰੀ ਤਰਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਸ. ਚੀਮਾ ਨੇ ਦੱਸਿਆ ਕਿ ਇਹ ਵਿਸ਼ੇਸ਼ਤਾ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ਵਿਚ ਵੀ ਉਪਲਬਧ ਹੈ ਜੋ ਐਂਡਰਾਇਡ ਲਈ ਗੂਗਲ ਪਲੇ ਸਟੋਰ ਤੇ ਅਤੇ ਆਈਓਐਸ ਲਈ ਐਪਲ ਐਪਸਟੋਰ ਤੇ ਉਪਲਬਧ ਹੈ। “ਈ-ਸੰਜੀਵਨੀ-ਓਪੀਡ” ਦੇ ਲਾਭ ਲੈਣ ਲਈ ਮਰੀਜ਼ / ਵਿਅਕਤੀ ਕੋਲ ਇੱਕ ਕੰਪਿਊਟਰ, ਲੈਪਟਾਪ ਜਾਂ ਟੈਬਲੇਟ (ਟੈਬ) ਦੇ ਨਾਲ ਇੱਕ ਵੱਖਰਾ ਜਾਂ ਇਨਬਿਲਟ ਵੈਬਕੈਮ, ਮਾਈਕ, ਸਪੀਕਰ ਅਤੇ ਇੱਕ 2 ਐਮਬੀਪੀਐਸ ਜਾਂ ਤੇਜ਼ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਮੁਫਤ ਮੈਡੀਕਲ ਸਲਾਹ ਪ੍ਰਦਾਨ ਕਰਨ ਲਈ, ਸ਼ੁਰੂ ਵਿਚ ਰਾਜ ਸਿਹਤ ਵਿਭਾਗ ਦੇ ਡਾਕਟਰਾਂ ਦੀ ਇਕ ਟੀਮ ਸੋਮਵਾਰ ਤੋਂ ਸ਼ਨੀਵਾਰ (ਸਵੇਰੇ 10 ਵਜੇ ਤੋਂ 1 ਵਜੇ ਤੱਕ) ਉਪਲਬਧ ਰਹੇਗੀ ਅਤੇ ਲੋੜ ਪੈਣ ਤੇ ਇਹ ਸਮਰੱਥਾ ਲੋਕਾਂ ਦੇ ਫੀਡਬੈਕ ਦੇ ਆਧਾਰ ਤੇ ਵਧਾਈ ਜਾ ਸਕਦੀ ਹੈ। ਸ. ਚੀਮਾ ਨੇ ਕਿਹਾ ਕਿ ਇਹ ਸਹੂਲਤ ਉਨਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੋ ਰਹੀ ਹੈ ਜੋ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਹਸਪਤਾਲਾਂ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ।