ਡਿਪਟੀ ਕਮਿਸ਼ਨਰ ਵੱਲੋਂ ਦਰਿਆ ਸਤਲੁਜ ਦੇ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ

Sorry, this news is not available in your requested language. Please see here.

ਨਾਜੁਕ ਥਾਵਾਂ ਅਤੇ ਬੰਨ ਦੀ ਮਜ਼ਬੂਤੀ ਦੇ ਕੰਮਾਂ ਦਾ ਲਿਆ ਜਾਇਜ਼ਾ
ਨਵਾਂਸ਼ਹਿਰ, 1 ਜੁਲਾਈ 2021
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਨਵਾਂਸ਼ਹਿਰ ਸਬ-ਡਵੀਜ਼ਨ ਵਿਚ ਪੈਂਦੇ ਦਰਿਆ ਸਤਲੁਜ ਦੇ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ ਕਰਕੇ ਬੰਨ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਾਰੇ ਲੋੜੀਂਦੇ ਕਾਰਜ ਬਰਸਾਤ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਆਪਣਾ ਇਹ ਦੌਰਾ ਤਾਜੋਵਾਲ-ਮੰਢਾਲਾ ਤੋਂ ਸ਼ੁਰੂ ਕਰਕੇ ਬੁਰਜ ਟਹਿਲ ਦਾਸ ਵਿਖੇ ਮੁਕੰਮਲ ਕੀਤਾ। ਇਸ ਦੌਰਾਨ ਉਨਾਂ ਦਰਿਆ ਦੇ ਸੱਜੇ ਪਾਸੇ ਪੈਂਦੀਆਂ ਨਾਜੁਕ ਥਾਵਾਂ, ਜਿਵੇਂ ਤਾਜੋਵਾਲ-ਮੰਢਾਲਾ ਕੰਪਲੈਕਸ, ਝੁੰਗੀਆਂ ਕੰਪਲੈਕਸ, ਮਿਰਜ਼ਾਪੁਰ ਕੰਪਲੈਕਸ, ਲਾਲੇਵਾਲ ਕੰਪਲੈਕਸ, ਹੁਸੈਨਪੁਰ ਕੰਪਲੈਕਸ ਅਤੇ ਬੁਰਜ ਟਹਿਲ ਦਾਸ ਕੰਪਲੈਕਸ ਵਿਖੇ ਧੁੱਸੀ ਬੰਨ ਦੀ ਸੁਰੱਖਿਆ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਨਾਜ਼ੁਕ ਥਾਵਾਂ ’ਤੇ ਚੱਲ ਰਹੇ ਠੋਕਰਾਂ ਮਜ਼ਬੂਤ ਕਰਨ ਦੇ ਕਾਰਜਾਂ ਨੂੰ ਨੇੜਿਓਂ ਦੇਖਿਆ ਅਤੇ ਸਾਰੇ ਕੰਮ 15 ਦਿਨਾਂ ਅੰਦਰ ਮੁਕੰਮਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨਾਂ ਉਥੇ ਮੌਜੂਦ ਸਬੰਧਤ ਪਿੰਡਾਂ ਦੇ ਲੋਕਾਂ ਦੀਆਂ ਮੁਸਕਲਾਂ ਵੀ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਦਰਿਆ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਸਮੁੱਚੇ ਕਾਰਜ ਨੇਪਰੇ ਚੜ ਲਏ ਜਾਣਗੇ ਅਤੇ ਉਨਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਜ਼ਿਲੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਅਜਿਹੀ ਕੋਈ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਕੋਈ ਖ਼ਤਰਾ ਬਣੇ। ਇਸ ਦੌਰਾਨ ਲੋਕਾਂ ਵੱਲੋਂ ਦਰਿਆ ਦੀ ਮਜ਼ਬੂਤੀ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਤਹਿਸੀਲਦਾਰ ਬਲਜਿੰਦਰ ਸਿੰਘ, ਐਕਸੀਅਨ ਡਰੇਨੇਜ-ਕਮ-ਜ਼ਿਲਾ ਮਾਈਨਿੰਗ ਅਫ਼ਸਰ ਗੁਰਤੇਜ ਸਿੰਘ ਗਰਚਾ, ਵਰਕਸ ਮੈਨੇਜਰ ਮਨਰੇਗਾ ਇੰਜ: ਜੋਗਾ ਸਿੰਘ, ਐਸ. ਡੀ. ਓ ਡਰੇਨੇਜ ਬਿਕਰਮ ਸਿੰਘ, ਜੇ. ਈ ਅੰਕੁਰ, ਜਸਕਮਲ ਅਤੇ ਰਵਿੰਦਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਸਬੰਧਤ ਇਲਾਕਿਆਂ ਦੇ ਲੋਕ ਮੌਜੂਦ ਸਨ।
ਕੈਪਸ਼ਨ ਧੁੱਸੀ ਬੰਨ ਦੇ ਦੌਰੇ ਮੌਕੇ ਨਾਜ਼ੁਕ ਥਾਵਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ, ਐਕਸੀਅਨ ਗੁਰਤੇਜ ਸਿੰਘ ਗਰਚਾ, ਵਰਕਸ ਮੈਨੇਜਰ ਮਨਰੇਗਾ ਇੰਜ: ਜੋਗਾ ਸਿੰਘ ਤੇ ਹੋਰ ਅਧਿਕਾਰੀ।
ਬੰਨ ਦੀ ਮਜ਼ਬੂਤੀ ਲਈ ਚੱਲ ਰਹੇ ਕੰਮ ਦਾ ਦਿ੍ਰਸ਼।

Spread the love