ਪਟਿਆਲਾ ਦੇ ਪਿੰਡ ਉਗਾਣੀ ‘ਚ ਧਰਤੀ ਹੇਠਲੇ ਜਲ ਦਾ ਪੱਧਰ ਵੀ ਹੋਰ ਥੱਲੇ ਜਾਣ ਤੋਂ ਬਚਿਆ
ਰਾਜਪੁਰਾ/ਪਟਿਆਲਾ, 20 ਜੁਲਾਈ 2021
ਜਦੋਂ ਸ੍ਰੀਮਤੀ ਗੁਰਪ੍ਰੀਤ ਕੌਰ ਹਲਕਾ ਰਾਜਪੁਰਾ ਦੇ ਪਿੰਡ ਉਗਾਣੀ ਦੀ ਸਰਪੰਚ ਚੁਣੀ ਗਈ ਤਾਂ ਪਿੰਡ ਦੇ ਛੱਪੜ ਦਾ ਨਵੀਨੀਕਰਨ ਉਸਦਾ ਪ੍ਰਮੁੱਖ ਏਜੰਡਾ ਸੀ। ਇਸ ਸਬੰਧੀਂ ਉਸਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਹੋਰਨਾਂ ਨਾਲ ਕਈ ਸਾਂਝੀਆਂ ਮੀਟਿੰਗਾਂ ਕੀਤੀਆਂ, ਜਿਨ੍ਹਾਂ ਨੇ ਸੀਚੇਵਾਲ ਮਾਡਲ ਤਕਨੀਕ ਤਹਿਤ ਪਿੰਡ ਦੇ ਛੱਪੜ ਦੇ ਨਵੀਨੀਕਰਨ ਦੀ ਤਜਵੀਜ ਨੂੰ ਨੇਪਰੇ ਚੜ੍ਹਾਇਆ।
ਸਰਪੰਚ ਗੁਰਪ੍ਰੀਤ ਕੌਰ ਨੇ ਪੁਰਾਣੇ ਛੱਪੜ ਦੀ ਤਸਵੀਰ ਨੂੰ ਚੇਤੇ ਕਰਦਿਆਂ ਦੱਸਿਆ ਕਿ, ‘ਏਕੜ ਰਕਬੇ ‘ਚ ਫੈਲੇ ਛੱਪੜ ‘ਚੋਂ ਨਿਕਲਦਾ ਗੰਦ ਤੇ ਬਦਬੂ ਲੋਕਾਂ ਲਈ ਬਹੁਤ ਵੱਡੀ ਸਮੱਸਿਆ ਤੇ ਬਿਮਾਰੀਆਂ ਦਾ ਕਾਰਨ ਬਣ ਚੁੱਕੀ ਸੀ ਅਤੇ ਜਿੱਥੇ ਇਹ ਆਲੇ ਦੁਆਲੇ ਨੂੰ ਪਲੀਤ ਕਰ ਰਿਹਾ ਸੀ ਉਥੇ ਹੀ ਨੇੜਲੇ ਮੱਛੀ ਪਾਲਣ ਤਲਾਅ ‘ਚ ਇਸ ਦਾ ਗੰਦਾ ਪਾਣੀ ਪੈਣ ਨਾਲ ਮੱਛੀਆਂ ਵੀ ਮਰ ਰਹੀਆਂ ਸਨ।’
ਸ਼ੁਰੂਆਤੀ ਪੜਾਅ ‘ਚ ਪਿੰਡ ਦੇ ਮੋਹਤਬਰਾਂ ਨੇ ਸੀਚੇਵਾਲ ਤਕਨੀਕ ਨੂੰ ਅਪਣਾਏ ਜਾਣ ਤੋਂ ਪਹਿਲਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਕਸਤ ਕੀਤੀ ਤਕਨੀਕ ਨਾਲ ਨਵਿਆਏ ਗਏ ਛੱਪੜਾਂ ਨੂੰ ਵੇਖਣ ਦਾ ਵਿਚਾਰ ਬਣਾਇਆ। ਗ੍ਰਾਮ ਪੰਚਾਇਤ ਤੇ ਪਿੰਡ ਦੇ ਕੁਝ ਮੋਹਤਬਰ ਜਲੰਧਰ ਜ਼ਿਲ੍ਹੇ ਦੇ ਪਿੰਡ ਸੀਚੇਵਾਲ ਗਏ, ਜਿੱਥੇ ਸੰਤ ਬਲਬੀਰ ਸਿੰਘ ਨੇ ਇਸ ਤਕਨੀਕ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।
ਇਸ ਤਕਨੀਕ ਤੋਂ ਪ੍ਰਭਾਵਤ ਹੋਣ ਮਗਰੋਂ ਗ੍ਰਾਮ ਪੰਚਾਇਤ ਨੇ 619 ਨਾਗਰਿਕਾਂ ਦੀ ਵੱਸੋਂ ਅਤੇ 120 ਘਰਾਂ ਵਾਲੇ ਪਿੰਡ ਉਗਾਣੀ ਸਾਹਿਬ ਦੇ ਛੱਪੜ ਦੇ ਨਵੀਨੀਕਰਨ ਦਾ ਮਤਾ ਪਾਸ ਕੀਤਾ। ਇਤਫ਼ਾਕਵਸ ਇਹ ਪਿੰਡ ਇਤਿਹਾਸਕ ਤੇ ਧਾਰਮਿਕ ਮਹੱਤਤਾ ਵੀ ਰੱਖਦਾ ਹੈ, ਕਿਉਂਕਿ ਇੱਥੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੂਹ ਪ੍ਰਾਪਤ ਹੈ ਅਤੇ ਇਹ ਪਿੰਡ ਪਹਿਲਾਂ ਹੀ ਜ਼ਿਲ੍ਹਾ ਸੈਨੀਟੇਸ਼ਨ ਟੀਮ ਵੱਲੋਂ ਓ.ਡੀ.ਐਫ਼ ਪਲੱਸ ਐਲਾਨ ਕੀਤੇ ਜਾਣ ਵਾਲੇ ਪਹਿਲੇ ਪਿੰਡਾਂ ‘ਚ ਵੀ ਸ਼ੁਮਾਰ ਸੀ।
‘ਸੀਚੇਵਾਲ ਮਾਡਲ’ ਇੱਕ ਅਜਿਹੀ ਤਕਨੀਕ ਹੈ, ਜਿਸ ‘ਚ ਇੱਕ ਸਕਰੀਨਿੰਗ ਚੈਬਰ ਅਤੇ ਤਿੰਨ ਖੂਹ ਹੁੰਦੇ ਹਨ। ਇਸ ਪ੍ਰਣਾਲੀ ਤਹਿਤ ਘਰਾਂ ਦਾ ਸੀਵਰ ਤੇ ਗੰਦਾ ਪਾਣੀ ਸਕਰੀਨਿੰਗ ਚੈਂਬਰ ‘ਚ ਇਕੱਠਾ ਹੁੰਦਾ ਹੈ, ਜਿੱਥੇ ਪਾਣੀ ‘ਚ ਤੈਰਦੇ ਪਦਾਰਥਾਂ ਤੇ ਠੋਸ ਗੰਦਗੀ ਨੂੰ ਵੱਖਰਾ ਕਰਕੇ ਅੱਗੇ 20 ਫੁੱਟ ਡੂੰਘੇ ਤੇ 12 ਫੁੱਟ ਚੌੜੇ ਪਹਿਲੇ ਖੂਹ ‘ਚ ਭੇਜਿਆ ਜਾਂਦਾ ਹੈ, ਜਿੱਥੇ ਪਾਣੀ ਘੁੰਮਦਾ ਹੈ ਤੇ ਠੋਸ ਪਦਾਰਥ ਤਲ ‘ਤੇ ਬੈਠ ਜਾਂਦਾ ਹੈ। ਇਸ ਤੋਂ ਅੱਗੇ 20 ਫੁੱਟ ਡੂੰਘੇ ਤੇ 10 ਫੁੱਟ ਚੌੜੇ ਦੂਜੇ ਖੂਹ ‘ਚ ਪਾਇਆ ਜਾਂਦਾ ਹੈ, ਜਿੱਥੇ ਹੋਰ ਬਰੀਕ ਗੰਦਗੀਆਂ ਨੂੰ ਸਾਫ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 20 ਫੁੱਟ ਡੂੰਘਾ ਤੇ 8 ਫੁੱਟ ਚੌੜਾ ਤੀਸਰਾ ਖੂਹ, ਜੋ ਕਿ ਸਾਫ਼ ਪਾਣੀ ਦੇ ਤਲਾਅ ‘ਚ ਬਦਲ ਜਾਂਦਾ ਹੈ, ਵਿਖੇ ਇਕੱਠਾ ਹੋਇਆ ਤੇ ਸੋਧਿਆ ਪਾਣੀ ਫ਼ਸਲਾਂ ਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ।
ਖੁਸ਼ਕਿਸਮਤੀ ਨਾਲ ਪਿੰਡ ਦੇ ਨੇੜੇ ਸਥਿਤ ਤਾਪ ਬਿਜਲੀ ਘਰ, ਨਾਭਾ ਪਾਵਰ ਲਿਮਟਿਡ, ਕਾਰਪੋਰੇਟ ਸਮਾਜਿਕ ਜਿੰਮੇਵਾਰੀ (ਸੀ.ਐਸ.ਆਰ.) ਤਹਿਤ ਛੱਪੜ ਦੇ ਨਵੀਨੀਕਰਨ ਦੀ ਜਿੰਮੇਵਾਰੀ ਚੁੱਕਣ ਲਈ ਅੱਗੇ ਆਇਆ। ਗ੍ਰਾਮ ਪੰਚਾਇਤ ਨੇ ਇਸ ਛੱਪੜ ਦੇ ਨਵੀਨੀਕਰਨ ਦੀ ਯੋਜਨਾ ਇਸ ਤਰ੍ਹਾਂ ਉਲੀਕੀ ਕਿ ਛੱਪੜ ਦੇ ਆਲੇ-ਦੁਆਲੇ ਖੜ੍ਹੇ ਦਰਖਤਾਂ ਨੂੰ ਕੱਟਣ ਦੀ ਥਾਂ ਇਨ੍ਹਾਂ ਨੂੰ ਛੱਪੜ ਦੀ ਸੁੰਦਰਤਾ ਵਧਾਉਣ ਲਈ ਵਰਤ ਲਿਆ ਜਾਵੇ। 20 ਲੱਖ ਰੁਪਏ ਦੀ ਲਗਤ ਨਾਲ 7 ਤੋਂ 8 ਮਹੀਨਿਆਂ ‘ਚ ਤਿਆਰ ਹੋਏ ਇਸ ਛੱਪੜ ਦੇ ਨਵੇਂ ਰੂਪ ਨੂੰ 26 ਸਤੰਬਰ 2020 ਨੂੰ ਪਿੰਡ ਦੇ ਸਮਰਪਿਤ ਕੀਤਾ ਗਿਆ।
ਨਾਭਾ ਥਰਮਲ ਪਲਾਂਟ ਦੇ ਸੀ.ਐਸ.ਆਰ. ਟੀਮ ਤੋਂ ਗਗਨਦੀਪ ਸਿੰਘ ਬਾਜਵਾ ਨੇ ਇਸ ਪ੍ਰਾਜੈਕਟ ਬਾਰੇ ਕਿਹਾ ਕਿ, ”ਇਸ ਨਾਲ ਜਿੱਥੇ ਇਸ ਪਿੰਡ ਨੂੰ ਫਾਇਦਾ ਹੋਵੇਗਾ, ਉਥੇ ਹੀ ਅਗਲੇ ਸਾਲਾਂ ‘ਚ ਅਸੀਂ ਹੋਰ ਗ੍ਰਾਮ ਪੰਚਾਇਤਾਂ ਨੂੰ ਵੀ ਅਜਿਹੇ ਪ੍ਰਾਜੈਕਟਾਂ ਨੂੰ ਆਪਣੇ ਪਿੰਡਾਂ ‘ਚ ਲਾਗੂ ਕਰਨ ਲਈ ਮਦਦ ਕਰਾਂਗੇ।”
ਇਸ ਛੱਪੜ ਦੇ ਨਵੇਂ ਰੂਪ ਤੋਂ ਜਿੱਥੇ ਪਿੰਡ ਦਾ ਆਲਾ-ਦੁਆਲਾ ਸਾਫ਼-ਸੁਥਰਾ ਤੇ ਬਦਬੂ ਮੁਕਤ ਹੋਇਆ ਹੈ, ਉਥੇ ਹੀ ਇਹ ਲੋਕਾਂ ਦੀ ਚੰਗੀ ਸਿਹਤ ‘ਚ ਵੀ ਯੋਗਦਾਨ ਪਾ ਰਿਹਾ ਹੈ। ਇਸ ਨੇ ਛੱਪੜ ਦੀ ਪਾਣੀ ਸੋਖਣ ਦੀ ਸਮਰੱਥਾ ਵਧਾ ਦਿੱਤੀ ਹੈ ਅਤੇ ਇਥੋਂ ਸਾਫ਼ ਹੋਇਆ ਪਾਣੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਰਕਰਾਰ ਬਣਿਆ ਹੋਇਆ ਹੈ। ਨੇੜਲੇ ਮੱਛੀ ਪਾਲਣ ਤਲਾਅ ਨੂੰ ਵੀ ਇੱਥੋਂ ਸਾਫ਼ ਪਾਣੀ ਮਿਲਦਾ ਹੈ ਅਤੇ ਨਵੀਨੀਕਰਨ ਮਗਰੋਂ ਇਹ ਛੱਪੜ ਪਿੰਡ ਦੀ ਖ਼ੂਬਸੂਰਤੀ ਨੂੰ ਵੀ ਚਾਰ ਚੰਨ ਲਾ ਰਿਹਾ ਹੈ।
ਪਿੰਡ ‘ਚ ਠੋਸ ਕੂੜਾ ਪ੍ਰਬੰਧਨ ਵੱਲ ਅੱਗੇ ਵੱਧਦਿਆਂ ਗ੍ਰਾਮ ਪੰਚਾਇਤ ਨੇ ਰਾਊਂਡ ਗਲਾਸ ਸੰਸਥਾ ਦੇ ਸਹਿਯੋਗ ਨਾਲ ਜਨਵਰੀ 2021 ‘ਚ ਠੋਸ ਕੂੜਾ ਪ੍ਰਬੰਧਨ ਦਾ ਪਲਾਂਟ ਵੀ ਸ਼ੁਰੂ ਕੀਤਾ ਹੈ। ਜਿੱਥੇ ਮਗਨਰੇਗਾ ਦੀ ਸਹਾਇਤਾ ਨਾਲ ਕੂੜੇ ਦਾ ਪ੍ਰਬੰਧਨ ਵਿਗਿਆਨਕ ਢੰਗ ਨਾਲ ਕੀਤਾ ਜਾਣ ਲੱਗਾ ਹੈ। ਇਸ ਪਲਾਂਟ ਨੂੰ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ੁਰੂ ਕਰਵਾਇਆ। ਸਥਾਨਕ ਵੱਸੋਂ ਨੂੰ ਕੂੜੇ ਨੂੰ ਘਰਾਂ ‘ਚ ਹੀ ਗਿੱਲੇ ਤੇ ਸੁੱਕੇ ਰੂਪ ‘ਚ ਵੱਖੋ-ਵੱਖ ਕਰਨ ਅਤੇ ਸਮਰੱਥਾ ਨਿਰਮਾਣ ਗਤੀਵਿਧੀਆਂ ਕਰਕੇ ਕੂੜਾ ਪ੍ਰਬੰਧਨ ਤੋਂ ਜਾਣੂ ਕਰਵਾਇਆ ਗਿਆ। ਇਸ ਤੋਂ ਅੱਗੇ ਘਰਾਂ ‘ਚ ਨੀਲੇ ਤੇ ਹਰੇ ਕੂੜਾ ਦਾਨ ਮੁਹੱਈਆ ਕਰਵਾਏ ਗਏ, ਜਿਨ੍ਹਾਂ ਨੂੰ ਕੂੜਾ ਇਕੱਤਰ ਕਰਨ ਵਾਲੇ, ਜਿਨ੍ਹਾਂ ਨੂੰ 3 ਤੋਂ 4 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਂਦਾ ਹੈ, 20 ਤੋਂ 30 ਰੁਪਏ ਪ੍ਰਤੀ ਘਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲੈਕੇ ਕੂੜਾ ਚੁੱਕ ਕੇ ਲਿਜਾਂਦੇ ਹਨ।
ਇਸੇ ਦੌਰਾਨ ਪਿੰਡ ‘ਚ ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਪਿੰਡ ‘ਚ ਕੂੜਾ ਇਕੱਠਾ ਕਰਨਾ ਇੱਕ ਵੱਡਾ ਮੁੱਦਾ ਸੀ ਪਰ ਉਨ੍ਹਾਂ ਦੀ ਸਰਪੰਚ ਨੇ ਇਸ ਮਸਲੇ ਨੂੰ ਵਧੀਆ ਢੰਗ ਨਾਲ ਹੱਲ ਕਰਕੇ ਇਹ ਪਲਾਂਟ ਚਾਲੂ ਕਰਵਾਇਆ ਅਤੇ ਉਹ ਗ੍ਰਾਮ ਪੰਚਾਇਤ ਵੱਲੋਂ ਉਸਨੂੰ ਇਸ ਕੰਮ ‘ਤੇ ਲਗਾਉਣ ਲਈ ਪੰਚਾਇਤ ਦਾ ਧੰਨਵਾਦ ਕਰਦਾ ਹੈ।
ਪਿੰਡ ਦੀ ਇਕ ਕੰਮਬਾਜੀ ਸੁਆਣੀ ਪੂਨਮਪ੍ਰੀਤ ਕੌਰ ਨੇ ਗ੍ਰਾਮ ਪੰਚਾਇਤ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੁਝਾਓ ਦਿੱਤਾ ਕਿ ਬਦਬੂ ਤੇ ਮੱਖੀਆਂ ਦੀ ਰੋਕਥਾਮ ਲਈ ਕੂੜਾਦਾਨ ਹੋਰ ਮੁਹੱਈਆ ਕਰਵਾਏ ਜਾਣ। ਇਸੇ ਤਰ੍ਹਾਂ ਹੀ ਇਕ ਹੋਰ ਸੁਆਣੀ ਜਸਵੀਰ ਸਿੰਘ ਨੇ ਕਿਹਾ ਕਿ ਪਹਿਲਾਂ ਉਹ ਘਰਾਂ ਦੇ ਕੂੜੇ ਨੂੰ ਬਾਹਰ ਖੁੱਲ੍ਹੇ ‘ਚ ਸੁੱਟ ਦਿੰਦੇ ਸਨ ਪਰ ਹੁਣ ਕੂੜਾ ਚੁੱਕਣ ਵਾਲਾ ਸੁਖਦੇਵ ਸਿੰਘ ਇਸ ਨੂੰ ਲੈ ਜਾਂਦਾ ਹੈ, ਇਸ ਸਾਡੇ ਲਈ ਵੱਡੀ ਸਹੂਲਤ ਅਤੇ ਜੋ ਸਾਡੇ ਸਮੇਂ ਨੂੰ ਬਚਾਉਂਦਾ ਹੈ।
ਇਸੇ ਦੌਰਾਨ ਪਿੰਡ ‘ਚ ਤਰਲ ਤੇ ਠੋਸ ਕੂੜੇ ਦੇ ਪ੍ਰਬੰਧਨ ਲਈ ਕੀਤੇ ਯਤਨਾਂ ਲਈ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਇਤ ਉਗਾਣੀ ਦੀ ਸ਼ਲਾਘਾ ਕਰਦਿਆਂ ਹੋਰਨਾਂ ਪਿੰਡਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਤਾਂਕਿ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਲਿਆ ਜਾ ਸਕੇ
ਫੋਟੋ ਕੈਪਸ਼ਨ-ਪਿੰਡ ਉਗਾਣੀ ਦੇ ਛੱਪੜ, ਠੋਸ ਕੂੜਾ ਪ੍ਰਬੰਧਨ ਅਤੇ ਪਿੰਡ ਦੀਆਂ ਖੂਬਸੂਰਤੀ ਨੂੰ ਬਿਆਨਦੀਆਂ ਤਸਵੀਰਾਂ।