ਤੀਬਰ ਦਸਤ ਰੋਕੂ ਪੰਦਰਵਾੜੇ ਤਹਿਤ ਘਰ-ਘਰ ਵੰਡੇ ਜਾ ਰਹੇ ਹਨ ਓ.ਆਰ.ਐਸ. ਦੇ ਪੈਕੇਟ

Sorry, this news is not available in your requested language. Please see here.

ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਰੋਕਥਾਮ ਪੰਦਰਵਾੜੇ ਦਾ ਮੁੱਖ ਮਕਸਦ: ਡਾ. ਜਸਕਿਰਨਦੀਪ ਕੌਰ
ਐਸ.ਏ.ਐਸ. ਨਗਰ , 23 ਜੁਲਾਈ 2021
ਸਿਹਤ ਵਿਭਾਗ ਵੱਲੋਂ ਬੱਚਿਆਂ ਵਿੱਚ ਡਾਇਰੀਆ (ਦਸਤ) ਰੋਗ ਕਾਰਨ ਹੋਣ ਵਾਲੀਆਂ ਮੌਤਾਂ ’ਤੇ ਕਾਬੂ ਪਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19 ਜੁਲਾਈ ਤੋਂ 2 ਅਗਸਤ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਤਹਿਤ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਾਲੇ ਘਰਾਂ ਵਿੱਚ ਓ.ਆਰ.ਐਸ. ਦੇ ਪੈਕਟ ਵੰਡੇ ਜਾ ਰਹੇ ਹਨ ਤਾਂ ਕਿ ਲੋੜ ਪੈਣ ਉਤੇ ਬੱਚੇ ਨੂੰ ਘਰ ਵਿੱਚ ਹੀ ਜੀਵਨ ਰੱਖਿਅਕ ਘੋਲ ਤਿਆਰ ਕਰ ਕੇ ਦਿੱਤਾ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਨੇ ਦੱਸਿਆ ਕਿ ਭਾਰਤ ਵਿੱਚ ਡਾਇਰੀਆ ਕਾਰਨ ਹਰ ਸਾਲ ਭਾਰੀ ਗਿਣਤੀ ਵਿੱਚ ਬੱਚਿਆਂ ਦੀ ਮੌਤ ਹੋ ਜਾਂਦੀ ਹੈ।ਸਿਹਤ ਵਿਭਾਗ ਵੱਲੋਂ ਤੀਬਰ ਦਸਤ ਰੋਕੂ ਪੰਦਰਵਾੜੇ ਤਹਿਤ ਜਾਗਰੂਕਤਾ ਪੈਦਾ ਕੀਤੇ ਜਾਣ ਨਾਲ ਡਾਇਰੀਆ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਦੀ ਦਰ ਵਿੱਚ ਕਮੀ ਆਈ ਹੈ। ਤੀਬਰ ਦਸਤ ਰੋਕੂ ਪੰਦਰਵਾੜੇ ਦਾ ਮੁੱਖ ਟੀਚਾ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦੀ ਮੁਕੰਮਲ ਰੋਕਥਾਮ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਿੱਚ ਦਸਤ ਹੋਣ ’ਤੇ ਜੇ ਸਮੇਂ ਸਿਰ ਇਸ ਦਾ ਇਲਾਜ ਨਾ ਹੋ ਪਾਏ ਤਾਂ ਸਰੀਰ ਵਿੱਚ ਪਾਣੀ ਦੀ ਘਾਟ ਨਾਲ ਬੱਚੇ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਬਰਸਾਤੀ ਮੌਸਮ ਵਿੱਚ ਪਾਣੀ ਨੂੰ ਉਬਾਲ ਕੇ ਪੀਣ, ਖਾਣ-ਪੀਣ ਵਾਲੀਆਂ ਕੇਵਲ ਸਾਫ਼ ਸੁਥਰੀਆਂ ਅਤੇ ਢਕ ਕੇ ਰੱਖੀਆਂ ਹੋਈਆਂ ਵਸਤਾਂ ਦਾ ਸੇਵਨ ਕਰਨ ਅਤੇ ਹੱਥਾਂ ਨੂੰ ਹਮੇਸ਼ਾ ਸਾਫ਼ ਰੱਖਣ ਬਾਰੇ ਦੱਸਿਆ। ਜੇ ਬੱਚਾ ਇਕ ਦਿਨ ਵਿੱਚ 3 ਵਾਰ ਤੋਂ ਜ਼ਿਆਦਾ ਪਤਲਾ ਦਸਤ ਕਰੇ ਤਾਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਬੱਚੇ ਨੂੰ ਤੁਰੰਤ ਓ.ਆਰ.ਐਸ ਦਾ ਘੋਲ ਦੇਣਾ ਚਾਹੀਦਾ ਹੈ। ਨਿੱਜੀ ਸਾਫ ਸਫਾਈ ਰੱਖਣ ਅਤੇ ਹੱਥਾਂ ਨੂੰ ਸਾਫ਼ ਰੱਖਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਗਰਮੀ ਅਤੇ ਬਰਸਾਤੀ ਮੌਸਮ ਵਿੱਚ ਡਾਇਰੀਆ (ਦਸਤ) ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਛੋਟੇ ਬੱਚਿਆਂ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਖਾਣ ਪੀਣ ਦੀਆਂ ਸਾਫ਼ ਸੁਥਰੀਆਂ ਅਤੇ ਤਾਜ਼ੀਆਂ ਚੀਜ਼ਾਂ ਦਾ ਹੀ ਇਸਤੇਮਾਲ ਕੀਤਾ ਜਾਵੇ ਅਤੇ ਪਾਣੀ ਨੂੰ ਉਬਾਲ ਕੇ ਠੰਢਾ ਕਰ ਕੇ ਇਸਤੇਮਾਲ ਕੀਤਾ ਜਾਵੇ। ਐਸ.ਐਮ.ਓ. ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਪੰਦਰਵਾੜੇ ਦੌਰਾਨ ਸਪੈਸ਼ਲ ਜ਼ਿੰਕ ਅਤੇ ਓ.ਆਰ.ਐਸ. ਕਾਰਨਰ ਬਣਾਏ ਗਏ ਹਨ ਅਤੇ ਸਮੂਹ ਸਟਾਫ਼ ਨੂੰ ਇਸ ਸਬੰਧੀ ਸਿੱਖਿਅਤ ਕੀਤਾ ਗਿਆ ਹੈ ਤਾਂ ਕਿ ਦਸਤ ਦੌਰਾਨ ਉਹ ਬੱਚਿਆਂ ਦੀ ਸਹੀ ਦੇਖਭਾਲ ਕਰ ਸਕਣ। ਉਨ੍ਹਾਂ ਦੱਸਿਆ ਕਿ ਛੇ ਮਹੀਨਿਆਂ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ ਤੇ ਦਸਤ ਵਿੱਚ ਵੀ ਦੁੱਧ ਦੇਣਾ ਬੰਦ ਨਹੀਂ ਕਰਨਾ ਚਾਹੀਦਾ। ਇਸ ਮੌਕੇ ਐਸ.ਆਈ. ਗੁਰਤੇਜ ਸਿੰਘ ਅਤੇ ਆਸ਼ਾ ਵਰਕਰ ਪਰਮਜੀਤ ਕੌਰ ਵੀ ਮੌਜੂਦ ਸਨ।
ਕੈਪਸ਼ਨ: ਬੂਥਗੜ੍ਹ ਲਾਗੇ ਪਿੰਡ ਰੁੜਕੀ ਵਿੱਚ ਘਰ-ਘਰ ਜਾ ਕੇ ਓ.ਆਰ.ਐਸ ਦੇ ਪੈਕੇਟ ਦਿੱਤੇ ਜਾਣ ਦਾ ਦ੍ਰਿਸ਼।

Spread the love