ਕੋਵਿਡ-19 ਵੈਕਸੀਨੇਸ਼ਨ ‘ਤੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵਲੋਂ ਜਾਗਰੂਕਤਾ ਮੁਹਿੰਮ ਦਾ ਆਗਾਜ਼

Sorry, this news is not available in your requested language. Please see here.

5 ਦਿਨਾਂ ਜਾਗਰੂਕਤਾ ਮੁਹਿੰਮ ਦੇ ਤਹਿਤ ਮੋਬਾਇਲ ਵੈਨ ਜ਼ਰੀਏ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ
ਏ.ਡੀ.ਸੀ. ਰਜਤ ਓਬਰਾਏ ਨੇ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਕੋਵਿਡ-19 ਦੀ ਦੋ ਦਿਨਾਂ ਮੁਫ਼ਤ ਵੈਕਸੀਨੇਸ਼ਨ ਡਰਾਈਵ ਦੀ ਵੀ ਹੋਈ ਸ਼ੁਰੂਆਤ
ਪਹਿਲੇ ਦਿਨ ਕਸੇਲ ਵਿੱਚ ਲਾਇਆ ਗਿਆ ਟੀਕਾਕਰਣ ਕੈਂਪ
ਲੋਕਾਂ ਵੱਲੋਂ ਮੁਫ਼ਤ ਟੀਕਾਕਰਣ ਅਭਿਆਨ ਨੂੰ ਭਰਵਾਂ ਹੁੰਗਾਰਾ
ਵੀਰਵਾਰ ਨੂੰ ਕਸੇਲ ਦੇ ਸੋਹਲ ਪਿੰਡ ਵਿੱਚ ਲੱਗੇਗਾ ਮੁਫ਼ਤ ਟੀਕਾਕਰਣ ਕੈਂਪ
ਤਰਨਤਾਰਨ, 28 ਜੁਲਾਈ 2021
ਕੋਰੋਨਾ ਵਾਇਰਸ ਵਰਗੀ ਗੰਭੀਰ ਬੀਮਾਰੀ ਨੇ ਜਿੱਥੇ ਇਕ ਪਾਸੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਉਥੇ ਦੂਜੇ ਪਾਸੇ ਭਾਰਤ ਸਰਕਾਰ ਵਲੋਂ ਮੁਫ਼ਤ ਵੈਕਸੀਨੇਸ਼ਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਉੱਤੇ ਅਭਿਆਨ ਦਾ ਆਗਾਜ਼ ਕੀਤਾ ਜਾ ਚੁੱਕਿਆ ਹੈ। ਇਸੇ ਲੜੀ ਦੇ ਤਹਿਤ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵੱਲੋਂ ਤਰਨਤਾਰਨ ਵਿਚ ਮੋਬਾਇਲ ਵੈਨ ਜ਼ਰੀਏ ਕੋਵਿਡ-19 ਵੈਕਸੀਨੇਸ਼ਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਏ.ਡੀ.ਸੀ. ਰਜਤ ਓਬਰਾਏ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਅਭਿਆਨ ਦੇ ਪਹਿਲੇ ਦਿਨ ਤਰਨਤਾਰਨ ਦੇ ਪ੍ਰਤਾਪ ਅਵੈਨਯੂ, ਇਕਬਾਲ ਅਵੈਨਯੂ, ਬਾਠ ਚੌਂਕ, ਬੋਹੜੀ ਚੌਂਕ, ਬੱਸ ਸਟੈਂਡ ਅਤੇ ਸਿਵਲ ਹਸਪਤਾਲ ਸਣੇ ਹੋਰਨਾਂ ਇਲਾਕਿਆਂ ਵਿਚ ਮੋਬਾਇਲ ਵੈਨ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਏ.ਡੀ.ਸੀ. ਰਜਤ ਓਬਰਾਏ ਨੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ ਅਤੇ ਇਸ ਮੁਹਿੰਮ ਦੇ ਜ਼ਰੀਏ ਲੋਕਾਂ ਨੂੰ ਘਰ ਬੈਠੇ ਜਾਗਰੂਕ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦਾ ਵੱਡੇ ਪੱਧਰ ਉੱਤੇ ਘਰੋਂ ਨਿਕਲਣਾ ਸੁਰੱਖਿਅਤ ਨਹੀਂ ਹੈ, ਅਜਿਹੇ ਵਿਚ ਸਰਕਾਰ ਵੱਲੋਂ ਘਰ ਬੈਠੇ ਹੀ ਲੋਕਾਂ ਨੂੰ ਬਿਮਾਰੀ ਬਾਰੇ ਜਾਣਕਾਰੀ ਦੇਣਾ ਇੱਕ ਚੰਗਾ ਕਦਮ ਹੈ। ਉਨ੍ਹਾਂ ਵੱਲੋਂ ਉਮੀਦ ਪ੍ਰਗਟਾਈ ਗਈ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੇ ਜ਼ਰੀਏ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਸਣੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਵਿਚ ਕਾਫੀ ਮਦਦ ਮਿਲੇਗੀ। ਉਨ੍ਹਾਂ ਲੋਕਾਂ ਨੂੰ ਖੁਦ ਪਹਿਲ ਕਰਕੇ ਟੀਕਾਕਰਣ ਕਰਵਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਪਬਲੀਸਿਟੀ ਅਫਸਰ ਗੁਰਮੀਤ ਸਿੰਘ ਨੇ ਕਿਹਾ ਕਿ ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ 21 ਜੂਨ ਨੂੰ ਪੂਰੇ ਦੇਸ਼ ਵਿੱਚ ਮੁਫ਼ਤ ਟੀਕਾਕਰਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਇਹ ਅਭਿਆਨ ਮੁੱਢਲੇ ਪੱਧਰ ਉੱਤੇ ਚਲਾਇਆ ਜਾ ਰਿਹਾ ਹੈ। ਓਹਨਾਂ ਕਿਹਾ ਕਿ ਵੱਧ ਤੋਂ ਵੱਧ ਹੱਥ ਸਾਫ ਰੱਖ ਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਨਾਲ ਕੁਝ ਹੋਰ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਈ.ਬੀ. ਮਿਨੀਸਟਰੀ ਦੇ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਸੱਭ ਤੋਂ ਪਹਿਲੀ ਪ੍ਰਾਥਮਿਕਤਾ ਦੇਸ਼ ਦੇ ਲੋਕਾਂ ਦੀ ਸਿਹਤ ਹੈ ਅਤੇ ਇਸੇ ਦੇ ਮੱਦੇਨਜ਼ਰ ਭਾਰਤ ਸਰਕਾਰ ਵਲੋਂ ਵੱਡੇ ਪੱਧਰ ‘ ਤੇ ਜਾਗਰੂਕਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਟੀ.ਵੀ., ਰੇਡੀਓ ਅਤੇ ਹੋਰ ਸੰਚਾਰ ਦੇ ਸਾਧਨਾਂ ਤੋਂ ਇਲਾਵਾ ਜ਼ਮੀਨੀ ਪੱਧਰ ਉੱਤੇ ਗਲੀ-ਮੁਹੱਲਿਆਂ ਵਿੱਚ ਜਾ ਕੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਤਰਨਤਾਰਨ ਵਿੱਚ ਸਪੈਸ਼ਲ ਡਰਾਈਵ ਦੇ ਤਹਿਤ ਆਯੋਜਿਤ ਕੀਤੀ ਜਾ ਰਹੀ ਦੋ ਦਿਨਾਂ ਫਰੀ ਵੈਕਸੀਨੇਸ਼ਨ ਡਰਾਈਵ ਨੂੰ ਲੈ ਕੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਨੇ ਪਹਿਲੇ ਦਿਨ ਵੱਡੇ ਪੱਧਰ ਉੱਤੇ ਕਸੇਲ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਜਾ ਕੇ ਮੁਫ਼ਤ ਟੀਕਾਕਰਣ ਕਰਵਾਇਆ ਅਤੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਮੁਫ਼ਤ ਟੀਕਾਕਰਣ ਅਭਿਆਨ ਦੀ ਜੰਮ ਕੇ ਸ਼ਲਾਘਾ ਕੀਤੀ। ਇਸ ਮੌਕੇ ਐੱਸ.ਐਮ.ਓ. ਬਲਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਵੱਡੇ ਪੱਧਰ ਉੱਤੇ ਕੋਵਿਡ-19 ਦੀ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੈ, ਜਿਸਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਦੇ ਸਹਿਯੋਗ ਨਾਲ ਜੰਗੀ ਪੱਧਰ ਉੱਤੇ ਅੱਗੇ ਵਧਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਕਸੇਲ ਦੇ ਸੋਹਲ ਪਿੰਡ ਵਿੱਚ ਮੁਫ਼ਤ ਟੀਕਾਕਰਣ ਕੈਂਪ ਲਾਇਆ ਜਾਵੇਗਾ।
ਬਹਿਰਹਾਲ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਅਭਿਆਨ ਦਾ ਮਕਸਦ ਦੇਸ਼ ਦੇ ਹਰ ਨਾਗਰਿਕ ਵਿਚ ਕੋਰੋਨਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਹਾਲਾਂਕਿ ਤਰਨਤਾਰਨ ਵਿਚ ਇਹ ਅਭਿਆਨ ਪੰਜ ਦਿਨਾਂ ਲਈ ਚਲੇਗਾ, ਪਰ ਦੇਸ਼ ਭਰ ਵਿਚ ਇਹ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਸ ਬਿਮਾਰੀ ‘ਤੇ ਪੂਰੀ ਤਰ੍ਹਾਂ ਠੱਲ ਨਹੀਂ ਪਾਈ ਜਾਂਦੀ।

Spread the love