ਪਿੰਡ ਦਾਊਂ, ਰਾਮਗੜ੍ਹ, ਚੱਪੜਚਿੜੀ ਕਲਾਂ ਅਤੇ ਬੈਰੋਪੁਰ ਨੂੰ ਦਿੱਤੀਆਂ ਗਰਾਂਟਾਂ
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਨੇ ਵਿਕਾਸ ਕਾਰਜਾਂ ਲਈ ਵੰਡੀਆਂ 34 ਲੱਖ 70 ਹਜ਼ਾਰ ਰੁਪਏ ਦੀਆਂ ਗਰਾਂਟਾਂ
ਐਸ.ਏ.ਐਸ ਨਗਰ, 7 ਅਗਸਤ 2021
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਮੁਹਾਲੀ ਵਿੱਚ ਵਿਕਾਸ ਦੀ ਨਵੀਂ ਹਵਾ ਵਗ ਰਹੀ ਹੈ, ਜਿਸ ਕਾਰਨ ਵਿਰੋਧੀਆਂ ਕੋਲ ਉਨ੍ਹਾਂ ਖ਼ਿਲਾਫ਼ ਕੋਈ ਮੁੱਦਾ ਨਹੀਂ ਰਿਹਾ ਅਤੇ ਉਹ ਫੋਕੇ ਜਿਹੇ ਮੁੱਦਿਆਂ ਸਹਾਰੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ।
ਵੱਖ ਵੱਖ ਪਿੰਡਾਂ ਵਿੱਚ ਸ਼ਨਿੱਚਰਵਾਰ ਨੂੰ ਇਕੱਠਾਂ ਦੌਰਾਨ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਲ ਗੋਪਾਲ ਗਊਸ਼ਾਲਾ ਦੀ ਜ਼ਮੀਨ ਦਾ ਮਸਲਾ ਸ਼ੀਸ਼ੇ ਵਾਂਗ ਸਾਫ਼ ਹੈ ਪਰ ਵਿਰੋਧੀਆਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਇਸ ਮੁੱਦੇ ਵਿੱਚੋਂ ਵੀ ਰਾਜਨੀਤੀ ਭਾਲ ਰਹੇ ਹਨ, ਜਦੋਂ ਕਿ ਕੋਈ ਵੀ ਵਿਅਕਤੀ ਇਸ ਜ਼ਮੀਨ ਦੀ ਲੀਜ਼ ਡੀਡ ਦੇਖ ਸਕਦਾ ਹੈ ਜਾਂ ਇਸ ਬਾਰੇ ਪੰਚਾਇਤ ਤੋਂ ਪੁੱਛ ਸਕਦਾ ਹੈ। ਉਨ੍ਹਾਂ ਆਖਿਆ ਕਿ ਜ਼ਮੀਨ ਦੀ ਕਮਰਸ਼ੀਅਲ ਵਰਤੋਂ ਸਬੰਧੀ ਲਾਏ ਦੋਸ਼ਾਂ ਦੀ ਸੱਚਾਈ ਜਾਣਨ ਲਈ ਕੋਈ ਵੀ ਵਿਅਕਤੀ ਸਬੰਧਤ ਥਾਂ ਉਪਰ ਜਾ ਸਕਦਾ ਹੈ, ਜਿੱਥੇ ਜਾ ਕੇ ਝੂਠ ਤੇ ਸੱਚ ਦਾ ਨਿਤਾਰਾ ਹੋ ਜਾਂਦਾ ਹੈ।
ਇਸ ਦੌਰਾਨ ਸ. ਸਿੱਧੂ ਨੇ ਇਤਿਹਾਸਕ ਪਿੰਡ ਦਾਊਂ ਵਿਖੇ ਬਣੇ ਦੋ ਸ਼ਮਸ਼ਾਨਘਾਟਾਂ ਦੀ ਚਾਰਦੀਵਾਰੀ ਲਈ 5.50 ਲੱਖ ਰੁਪਏ, ਕਬਰਿਸਤਾਨ ਦੀ ਚਾਰਦੀਵਾਰੀ ਲਈ 7 ਲੱਖ ਰੁਪਏ ਪਿੰਡ ਰਾਮਗੜ੍ਹ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 5 ਲੱਖ ਰੁਪਏ, ਚੱਪੜਚਿੜੀ ਕਲਾਂ ਦੀ ਆਊਟਫਾਲ ਡਰੇਨ ਲਈ 6 ਲੱਖ ਰੁਪਏ, ਧਰਮਸ਼ਾਲਾ ਦੀ ਮੁਰੰਮਤ ਲਈ 2.50 ਲੱਖ ਰੁਪਏ, ਪਿੰਡ ਬੈਰੋਂਪੁਰ ਵਿੱਚ ਗਲੀਆਂ-ਨਾਲੀਆਂ ਵਾਸਤੇ 8.70 ਲੱਖ ਰੁਪਏ ਦੀ ਗਰਾਂਟ ਦਿੱਤੀ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਅਤੇ ਸਿਹਤ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿੰਡ ਦਾਊਂ ਦੇ ਸਰਪੰਚ ਅਜਮੇਰ ਸਿੰਘ, ਨਰੇਸ਼ ਨੇਸ਼ੀ, ਹਰਬੰਸ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਸਲੀਮ ਖ਼ਾਨ, ਪ੍ਰਮੋਦ ਕੁਮਾਰ, ਗੁਰਮੀਤ ਸਿੰਘ, ਜਸਵੰਤ ਸਿੰਘ (ਸਾਰੇ ਪੰਚ) ਸਾਬਕਾ ਪੰਚ ਭਾਗ ਸਿੰਘ, ਚੱਪੜਚਿੜੀ ਕਲਾਂ ਦੇ ਸਰਪੰਚ ਕੈਪਟਨ ਪਿਆਰਾ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਸੂਬੇਦਾਰ ਮਨਜੀਤ ਸਿੰਘ, ਸੁਦੇਸ਼ ਕੁਮਾਰ ਗੋਗਾ ਸਰਪੰਚ ਬੈਰੋਂਪੁਰ, ਅਵਤਾਰ ਸਿੰਘ ਤਾਰੀ ਸਰਪੰਚ ਭਾਗੋਮਾਜਰਾ, ਇਕਬਾਲ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਕੁਲਵੰਤ ਸਿੰਘ (ਸਾਰੇ ਪੰਚ), ਬਲਜੀਤ ਸਿੰਘ ਥਿੰਦ ਅਤੇ ਮੰਗਾ ਸਿੰਘ ਸਰਪੰਚ ਮੌਜਪੁਰ ਹਾਜ਼ਰ ਸਨ।