ਨੈਸ਼ਨਲ ਅਚੀਵਮੈਂਟ ਸਰਵੇਖਣ ਸੰਬੰਧੀ ਵਿਦਿਆਰਥੀਆਂ ਦਾ ਦੂਸਰਾ ਆਨਲਾਈਨ ਅਭਿਆਸ ਮੁਲਾਂਕਣ ਕਰਵਾਇਆ

Sorry, this news is not available in your requested language. Please see here.

ਬਰਨਾਲਾ, 17 ਅਗਸਤ 2021
ਕੇਂਦਰ ਸਰਕਾਰ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਕੂਲ ਸਿੱਖਿਆ ਸਥਿਤੀ ਬਾਰੇ ਇਸ ਵਰ੍ਹੇ ਨਵੰਬਰ ਮਹੀਨੇ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇਖਣ ਵਿੱਚੋਂ ਅੱਵਲ ਪੁਜੀਸ਼ਨ ਹਾਸਿਲ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਬਹੁਪੱਖੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨੈਸ਼ਨਲ ਅਚੀਵਮੈਂਟ ਸਰਵੇਖਣ ਟੈਸਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣ ਦੇ ਮਨੋਰਥ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਸੈਮੀਨਾਰ ਲਗਾਉਣ ਤੋਂ ਇਲਾਵਾ ਆਨਲਾਈਨ ਤਰੀਕੇ ਵਿਦਿਆਰਥੀਆਂ ਦੇ ਅਭਿਆਸ ਮੁਲਾਂਕਣ ਕਰਵਾਏ ਜਾ ਰਹੇ ਹਨ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਦੌਰਾਨ ਸੈਕੰਡਰੀ ਵਿੰਗ ਦੀਆਂ ਦੋ ਜਮਾਤਾਂ ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ। ਇਹਨਾਂ ਜਮਾਤਾਂ ਦੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਟੈਸਟ ਦੀਆਂ ਤਿਆਰੀਆਂ ਵਜੋਂ ਵਿਭਾਗ ਵੱਲੋਂ ਆਨਲਾਈਨ ਤਰੀਕੇ ਅਭਿਆਸ ਮੁਲਾਂਕਣ ਕਰਵਾਏ ਜਾ ਰਹੇ ਹਨ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ 17 ਅਗਸਤ ਨੂੰ ਵਿਦਿਆਰਥੀਆਂ ਦਾ ਦੂਸਰਾ ਅਭਿਆਸ ਮੁਲਾਂਕਣ ਕਰਵਾਇਆ ਗਿਆ। ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਇਸ ਅਭਿਆਸ ਮੁਲਾਂਕਣ ਵਿੱਚ ਉਤਸ਼ਾਹ ਨਾਲ ਭਾਗ ਲਿਆ ਗਿਆ ।
ਸਿੱਖਿਆ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇਖਣ ਟੈਸਟ ਦੌਰਾਨ ਵਿਦਿਆਰਥੀਆਂ ਦੀ ਵਿਸ਼ੇ ਬਾਰੇ ਸਮਝ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਟੈਸਟ ਦੌਰਾਨ ਪਾਠਾਂ ਦੇ ਅਭਿਆਸ ਪ੍ਰਸ਼ਨਾਂ ਵਿੱਚੋਂ ਪ੍ਰਸ਼ਨ ਪੁੱਛਣ ਦੀ ਬਜਾਏ ਵਿਦਿਆਰਥੀਆਂ ਨੂੰ ਪੜ੍ਹਾਏ ਗਏ ਵਿਸ਼ੇ ਦੇ ਸੰਕਲਪ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਹਨਾਂ ਅਭਿਆਸ ਮੁਲਾਂਕਣਾਂ ਨਾਲ ਵਿਦਿਆਰਥੀਆਂ ਨੂੰ ਸਰਵੇਖਣ ਟੈਸਟ ਦੌਰਾਨ ਪੁੱਛੇ ਜਾ ਸਕਣ ਵਾਲੇ ਪ੍ਰਸ਼ਨਾਂ ਅਤੇ ਉਹਨਾਂ ਦੇ ਉੱਤਰ ਦੇਣ ਦੇ ਤਰੀਕੇ ਬਾਰੇ ਸਮਝ ਲਗਦੀ ਹੈ।
ਸਿੱਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਰੱਟੇ ਦੀ ਬਜਾਏ ਸੰਕਲਪ ਸਮਝ ਕੇ ਪੜ੍ਹਨ ਦੀ ਅਪੀਲ ਕਰਦਿਆਂ ਅਧਿਆਪਕਾਂ ਨੂੰ ਪਾਠਕ੍ਰਮ ਦੀ ਵੱਧ ਤੋਂ ਵੱਧ ਦੁਹਰਾਈ ਕਰਵਾਉਣ ਲਈ ਕਿਹਾ।ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ ਟੈਸਟ ਦੀ ਕੀਤੀ ਜਾ ਰਹੀ ਤਿਆਰੀ ਦੇ ਮੱਦੇਨਜ਼ਰ ਬਿਹਤਰੀਨ ਕਾਰਗੁਜ਼ਾਰੀ ਦਾ ਵੀ ਵਿਸ਼ਵਾਸ ਪ੍ਰਗਟਾਇਆ।

Spread the love