ਦਿਵਿਆਂਗਜਨਾਂ ਦਾ ਜੀਵਨ ਸੁਖਾਲਾ ਬਣਾਉਣ ਲਈ 969 ਲਾਭਪਾਤਰੀਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ਲੋੜੀਂਦੇ ਉਪਕਰਣ ਅਤੇ ਬਨਾਉਟੀ ਅੰਗ- ਸ੍ਰੀ ਜਸਬੀਰ ਸਿੰਘ ਗਿੱਲ

Sorry, this news is not available in your requested language. Please see here.

ਦਿਵਿਆਂਗਜਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਲਿਮਕੋ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਣਗੇ ਹੋਰ ਵਿਸ਼ੇਸ ਕੈਂਪ-ਡਾ. ਧਰਮਬੀਰ ਅਗਨੀਹੋਤਰੀ
ਦਿਵਿਆਂਗਜਨਾਂ ਨੂੰ ਲੋੜੀਂਦੇ ਉਪਕਰਣ ਮੁਹੱਈਆ ਕਰਵਾਉਣ ਲਈ ਮਾਰਚ ਮਹੀਨੇ ਵਿੱਚ ਆਯੋਜਿਤ ਕੀਤੇ ਗਏ ਵੱਖ-ਵੱਖ ਕੈਂਪਾਂ ਦੌਰਾਨ ਕੀਤੀ ਗਈ ਲਾਭਪਾਤਰੀਆਂ ਦੀ ਰਜਿਸਟਰੇਸ਼ਨ-ਡੀ. ਸੀ.
ਤਰਨ ਤਾਰਨ, 23 ਅਗਸਤ 2021
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਮਾਰਚ ਮਹੀਨੇ ਦੌਰਾਨ ਜ਼ਿਲ੍ਹੇ ਭਰ ਵਿੱਚ ਲਗਾਏ ਗਏ ਵਿਸ਼ੇਸ ਕੈਂਪਾਂ ਦੌਰਾਨ ਰਜਿਸਟਰਡ ਕੀਤੇ ਗਏ ਦਿਵਿਆਂਗਜਨਾਂ ਨੂੰ ਲੋੜੀਂਦੇ ਉਪਕਰਣ ਮੁਹੱਈਆ ਕਰਵਉਣ ਲਈ ਅੱਜ ਸਥਾਨਕ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਰਵਾਏ ਗਏ ਵਿਸ਼ੇਸ ਸਮਾਗਮ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਅਤੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਕਿਹਾ ਕਿ ਦਿਵਿਆਂਗਜਨਾਂ ਨੂੰ ਸਮਾਜ ਵਿੱਚ ਇੱਜ਼ਤ, ਮਾਣ, ਸਨਮਾਨ ਦੇਣਾ ਸਾਡਾ ਸਭ ਦਾ ਮਨੁੱਖੀ ਫਰਜ਼ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 969 ਦਿਵਿਆਂਗਜਨਾਂ ਨੂੰ 1 ਕੋਰੜ, 77 ਲੱਖ 63 ਹਜ਼ਾਰ ਰੁਪਏ ਦੀ ਲਾਗਤ ਨਾਲ ਲੋੜੀਂਦੇ ਉਪਕਰਣ ਅਤੇ ਬਨਾਉਟੀ ਅੰਗ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਉਹਨਾਂ ਦਾ ਜੀਵਨ-ਨਿਰਵਾਹ ਸੁਖਾਲਾ ਹੋ ਸਕੇ।ਇਸ ਮੌਕੇ ਉਹਨਾਂ ਸਮੂਹ ਅਧਿਕਾਰੀਆਂ ਨੰੁ ਆਦੇਸ਼ ਦਿੱਤੇ ਕਿ ਸਰਕਾਰੀ ਦਫ਼ਤਰਾਂ ਵਿੱਚ ਦਿਵਿਆਂਗਜਨਾਂ ਦੀਆਂ ਮੁਸ਼ਕਿਲਾਂ ਅਤੇ ਜ਼ਰੂਰੀ ਕੰੰਮਾਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਇਆ ਜਾਵੇ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਪਿੰਡਾਂ ਵਿੱਚ ਵਿਕਾਸ ਲਈ ਵਿਸ਼ੇਸ ਗ੍ਰਾਂਟ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਜ਼ਿਲ੍ਹੇ ਦੇ ਪਿੰਡਾਂ ਧੁੰਨ ਢਾਏ ਵਾਲਾ ਨੂੰ ਵਿਕਾਸ ਕਾਰਜਾਂ ਲਈ ਇੱਕ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਵਿੱਦਿਅਕ ਸੰਸਥਾਵਾਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਮੰਨਣ ਵਿੱਚ ਬਣਾਈ ਗਈ ਆਈ. ਟੀ. ਆਈ. ਦਾ ਉਦਘਾਟਨ 27 ਅਗਸਤ ਨੂੰ ਕੀਤਾ ਜਾ ਰਿਹਾ ਹੈ। ਜਿੱਥੇ ਨਵੇਂ ਸ਼ੈਸਨ ਲਈ ਦਾਖਲਾ ਸ਼ੁਰੂ ਹੈ। ਉਹਨਾਂ ਕਿਹਾ ਜ਼ਿਲ੍ਹੇ ਦੇ ਪਿੰਡ ਕੈਰੋਂ ਵਿਖੇ ਸ੍ਰੀ ਗੂਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਿੰਡ ਸ਼ਾਹਬਾਜ਼ਪੁਰ ਵਿਖੇ ਸਰਕਾਰੀ ਕਾਲਜ ਬਣਾਇਆ ਗਿਆ ਹੈ, ਜਿਸ ਦਾ ਕੰਮ ਲੱਗਭੱਗ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਸ਼ੈਸਨ ਲਈ ਦਾਖਲਾ ਸ਼ੁਰੂ ਹੈ।ਇਸ ਮੌਕੇ ਉਹਨਾਂ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ ਨਵੀਂ ਐਂਬੂਲੈਂਸ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਅੱਜ ਹਲਕਾ ਤਰਨ ਤਾਰਨ ਦੇ 343 ਦਿਵਿਆਂਗਜਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਉਪਕਰਣ ਅਤੇ ਬਨਾਉਟੀ ਅੰਗ ਮੁਹੱਈਆ ਕਰਵਾਏ ਗਏ ਹਨ।ਉਹਨਾਂ ਕਿਹਾ ਦਿਵਿਆਂਗਜਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਲਿਮਕੋ ਦੇ ਸਹਿਯੋਗ ਨਾਲ ਹੋਰ ਵਿਸ਼ੇਸ ਕੈਂਪ ਵੀ ਆਯੋਜਿਤ ਕੀਤੇ ਜਾਣਗੇ ਤਾਂ ਜੋ ਇੱਕ ਵੀ ਦਿਵਿਆਂਗਜਨ ਲੋੜੀਂਦੀ ਸਹਾਇਤਾ ਤੋਂ ਵਾਂਝਾ ਨਾ ਰਹਿ ਜਾਵੇ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜ਼ਿਲ੍ਹਾ ਤਰਨ ਤਾਰਨ ਵਿੱਚ ਅਲਿਮਕੋ ਦਾ ਮੈਨੂਫੈਕਚਰਜ ਯੂਨਿਟ ਲਗਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਬੰਧੀ ਦਿਵਿਆਂਗਜਨਾਂ ਨੂੰ ਲੋੜੀਂਦੇ ਉਪਕਰਣ ਮੁਹੱਈਆ ਕਰਵਾਉਣ ਲਈ ਮਾਰਚ ਮਹੀਨੇ ਵਿੱਚ ਆਯੋਜਿਤ ਵੱਖ-ਵੱਖ ਕੈਂਪਾਂ ਦੌਰਾਨ 969 ਲਾਭਪਾਤਰੀਆਂ ਦੀ ਰਜਿਸਟਰੇਸ਼ਨ ਕੀਤੀ ਸੀ। ਉਹਨਾਂ ਦੱਸਿਆ ਕਿ ਅੱਜ ਰਜਿਸਟਰਡ ਕੀਤੇ ਗਏ ਲਾਭਪਾਤਰੀਆਂ ਨੂੰ ਉਹਨਾਂ ਦੀ ਲੋੜ ਅਨੁਸਾਰ ਲੱਗਭੱਗ ਉਪਕਰਣ ਮੁਹੱਈਆ ਕਰਵਾਏ ਗਏ ਹਨ।ਉਹਨਾਂ ਦੱਸਿਆ ਕਿ ਲੋੜਵੰਦਾਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ 24 ਅਗਸਤ ਨੂੰ ਸ਼ਹੀਦ ਭਗਤ ਸਿੰਘ ਸਕੂਲ ਪੱਟੀ, 25 ਅਗਸਤ ਨੂੰ ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਅਤੇ 26 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੌਸ਼ਹਿਰਾ ਪੰਨੂਆਂ ਵਿਖੇ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਆਰਟੀਫੀਸ਼ੀਅਲ ਲਿੰਬਸ ਮੈਨੂੰਫਿਕਚਰਿੰਗ ਕਾਰਪੋਰੇਸ਼ਨ ਆੱਫ਼ ਇੰਡੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜਿੰਨ੍ਹਾਂ ਲੋਕਾਂ ਦੇ ਅੰਗ ਕੱਟੇ ਗਏ ਹਨ ਜਾਂ ਜਿੰਨ੍ਹਾਂ ਨੂੰ ਚੱਲਣ ਫਿਰਨ ਵਿੱਚ ਕੋਈ ਮੁਸ਼ਕਿਲ ਹੈ, ਜਾਂ ਬੀਮਾਰੀ ਦੀ ਵਜ੍ਹਾ ਨਾਲ ਸੁਣਨ ਅਤੇ ਕੰਮ ਕਰਨ ਵਿਚ ਤੰਗੀ ਆਉਂਦੀ ਹੈ, ਉਹਨਾਂ ਨੂੰ ਬਨਾਉਟੀ ਅੰਗ ਮੁਫਤ ਦੇਣ ਵਿਸ਼ੇਸ ਕੈਂਪ ਲਗਾਏ ਗਏ ਸਨ।ਇਹਨਾਂ ਵਿਸ਼ੇਸ ਕੈਂਪਾਂ ਦੌਰਾਨ ਲੋੜਵੰਦਾਂ ਦੀ ਰਜਿਸਟਰੇਸ਼ਨ ਕੀਤੀ ਗਈ ਸੀ, ਜਿੰਨ੍ਹਾਂ ਨੂੰ ਲੋੜ ਅਨੁਸਾਰ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ।

Spread the love