ਸਵੱਛਤਾ, ਵਿੱਤੀ ਯੋਜਨਾਵਾਂ ਤੇ ਹੋਰ ਪੱਖਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ
ਬਰਨਾਲਾ, 24 ਅਗਸਤ 2021
ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਨਗਰ ਕੌਸਲ ਬਰਨਾਲਾ ਦੇ ਸਹਿਯੋਗ ਨਾਲ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਪੀ.ਜੀ.ਆਈ ਚੰਡੀਗੜ ਦੀ ਟੀਮ ਵੱਲੋਂ ਨਗਰ ਕੌਸਲ ਬਰਨਾਲਾ ਵਿਖੇ ਫਾਸਟ ਫੂਡ ਤੇ ਹੋਰ ਖਾਧ ਪਦਾਰਥਾਂ ਵਾਲੇ ਰੇਹੜੀ, ਫੜੀ ਵਾਲਿਆਂ ਦੀ ਸਵੱਛਤਾ, ਵਿੱਤੀ ਯੋਜਨਾਵਾਂ, ਕੋਵਿਡ ਅਤੇ ਕਾਨੂੰਨ ਸਬੰਧੀ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ, ਜੋ 31 ਅਗਸਤ ਤੱਕ ਜਾਰੀ ਰਹੇਗੀ।
ਇਸ ਮੌਕੇ ਕਮਲਪ੍ਰੀਤ ਕੌਰ ਚਾਹਲ, ਡਾਈਟੀਸ਼ੀਅਨ ਐਂਡ ਪ੍ਰੋਗਰਾਮ ਮੈਨੇਜਰ, ਚੰਡੀਗੜ ਅਤੇ ਜਸਵੀਰ ਕੌਰ, ਟ੍ਰੇਨਿੰਗ ਕੋਡੀਨੇਟਰ ਚੰਡੀਗੜ, ਹਰਸ਼ਦੀਪ ਵਰਮਾ ਅਸਿਸਟੈਂਟ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਤਪਾ ਨੇ ਫੜੀ ਅਤੇ ਫਾਸਟ ਫੂਡ ਰੇਹੜੀਆਂ ਵਾਲਿਆਂ ਨੂੰ ਵੱਖ-ਵੱਖ ਪਹਿਲੂਆਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਉਨਾਂ ਦੀ ਆਰਥਿਕ ਸਥਿਤੀ ਦੇ ਸੁਧਾਰ ਲਈ ਸਰਕਾਰ ਵੱਲੋਂ ਵੱਖ-ਵੱਖ ਵਿੱਤੀ ਯੋਜਨਾਵਾਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ। ਰੇਹੜੀ ਵਾਲਿਆਂ ਨੂੰ 10 ਹਜ਼ਾਰ ਦੇ ਕਰਜ਼ੇ ਤੋਂ ਇਲਾਵਾ ਸਥਾਨਕ ਸਰਕਾਰ ਵੱਲੋਂ ਨਿਸ਼ਚਿਤ ਥਾਵਾਂ ’ਤੇ ਰੇਹੜੀਆਂ ਲਗਾਉਣ ਲਈ ਜਗਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨਾਂ ਨੂੰ ਲਾਇਸੈਂਸ ਦੇਣ ਦੀ ਵੀ ਤਜਵੀਜ਼ ਹੈ।
ਇਸ ਮੌਕੇ ਸ੍ਰੀ ਪਾਰੁਲ ਗਰਗ, ਕੋਆਡੀਨੇਟਰ ਫੈਸਿਲੀਟੇਟਰ ਨਗਰ ਕੌਸਲ ਬਰਨਾਲਾ ਨੇ ਸਵੱਛ ਭਾਰਤ ਮਿਸ਼ਨ ਤਹਿਤ ਸਟਰੀਟ ਵੈਂਡਰਜ਼ ਨੂੰ ਜਾਗਰੂਕ ਕਰਦੇ ਹੋਏ ਉਨਾਂ ਨੂੰ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਸ੍ਰੀ ਮੋਹਿਤ ਸ਼ਰਮਾ, ਹਰਪ੍ਰੀਤ ਸਿੰਘ, ਸੁਪਰਡੈਂਟ, ਬਿਸ਼ਨ ਦਾਸ ਚੀਫ਼ ਸੈਨੇਟਰੀ ਇੰਸਪੈਕਟਰ, ਅੰਕੁਸ਼ ਸਿੰਗਲਾ ਸੈਨੇਟਰੀ ਇੰਸਪੈਕਟਰ, ਗੁਰਮੀਤ ਸਿੰਘ, ਪਰਮਿੰਦਰ ਕੌਰ, ਸ੍ਰੀਮਤੀ ਨੀਲਮ ਤੇ ਹੋਰ ਹਾਜ਼ਰ ਸਨ।