ਪੜ੍ਹਾਈ, ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਪੱਖ ਤੋਂ ਸਰਕਾਰੀ ਸਮਾਰਟ ਹਾਈ ਸਕੂਲ, ਚਾਹਲ ਕਲਾਂ ਨੇ ਵੱਡੇ-ਵੱਡੇ ਨਿੱਜੀ ਸਕੂਲਾਂ ਨੂੰ ਪਛਾੜਿਆ

Sorry, this news is not available in your requested language. Please see here.

25 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਬਣਾਏ ਗਏ ਹਨ ਸਮਾਰਟ ਕਲਾਸ ਰੂਮ
ਬਟਾਲਾ, 25 ਅਗਸਤ 2021 ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਨੂੰ ਦੇਖਣਾ ਹੋਵੇ ਤਾਂ ਬਟਾਲਾ ਤਹਿਸੀਲ ਦੇ ਪਿੰਡ ਚਾਹਲ ਕਲਾਂ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੂੰ ਦੇਖਿਆ ਜਾ ਸਕਦਾ ਹੈ। ਪੜ੍ਹਾਈ, ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਪੱਖ ਤੋਂ ਇਹ ਸਰਕਾਰੀ ਸਕੂਲ ਵੱਡੇ ਤੋਂ ਵੱਡੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ। ਸਰਕਾਰੀ ਸਮਾਰਟ ਹਾਈ ਸਕੂਲ, ਚਾਹਲ ਕਲਾਂ ਵਿੱਚ ਇਸ ਸਮੇਂ 332 ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ ਅਤੇ 20 ਕਾਬਲ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਵਿਦਿਆ ਦਾ ਦਾਨ ਦਿੱਤਾ ਜਾ ਰਿਹਾ ਹੈ।
ਸਰਕਾਰੀ ਸਮਾਰਟ ਹਾਈ ਸਕੂਲ, ਚਾਹਲ ਕਲਾਂ ਦੇ ਮੁੱਖ ਅਧਿਆਪਕ ਸ. ਸੂਬਾ ਸਿੰਘ ਠੀਕਰੀਵਾਲ ਨੇ ਦੱਸਿਆ ਕਿ ਸਕੂਲ ਨੂੰ ਸਮਾਰਟ ਬਣਾਉਣ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਨੇ ਆਪਣੇ ਵੱਲੋਂ ਅਤੇ ਪਿੰਡ ਵਾਸੀਆਂ ਕੋਲੋਂ ਉਗਰਾਹੀ ਕਰਕੇ ਕਰੀਬ 25 ਲੱਖ ਰੁਪਏ ਸਕੂਲ ਦੀ ਇਮਾਰਤ ਉੱਪਰ ਖਰਚ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ 8 ਸਮਾਰਟ ਕਲਾਸ ਰੂਮ ਹਨ ਜੋ ਕਿ ਮਲਟੀਮੀਡੀਆ ਤਕਨੀਕ ਨਾਲ ਲੈਸ ਹਨ। ਸਕੂਲ ਵਿੱਚ ਸਾਇੰਸ ਲੈਬ, ਕੰਪਿਊਟਰ ਲੈਬ, ਲਿਸਨਿੰਗ ਲੈਬ, ਲਾਇਬ੍ਰੇਰੀ, ਸਾਇੰਸ ਤੇ ਮੈਥ ਕਾਰਨਰ ਵਿਸ਼ੇਸ਼ ਤੌਰ ’ਤੇ ਬਣਾਏ ਗਏ ਹਨ। ਵਿਦਿਆਰਥੀਆਂ ਨੂੰ ਜਿਥੇ ਹੋਰ ਵਿਸ਼ੇ ਪੜ੍ਹਾਏ ਜਾ ਰਹੇ ਹਨ ਓਥੇ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪੈਦਾ ਕਰਨ ਲਈ ਲਿਸਨਿੰਗ ਲੈਬ ਵਿੱਚ ਆਧੁਨਿਕ ਤਕਨੀਕ ਪੜ੍ਹਾਇਆ ਜਾ ਰਿਹਾ ਹੈ। ਸਾਰੇ ਸਕੂਲ ਵਿੱਚ ਬਾਲਾ ਵਰਕ ਕਰਵਾਇਆ ਗਿਆ ਅਤੇ ਸੁੰਦਰ ਕੰਧ ਚਿੱਤਰ ਸਕੂਲ ਦੀ ਸੁੰਦਰਤਾ ਵਿੱਚ ਹੋਰ ਵੀ ਵਾਧਾ ਕਰ ਰਹੇ ਹਨ।
ਸਰਕਾਰੀ ਸਮਾਰਟ ਹਾਈ ਸਕੂਲ, ਚਾਹਲ ਕਲਾਂ ਦਾ ਪੜ੍ਹਾਈ ਦੇ ਪੱਖ ਤੋਂ ਪੂਰੇ ਇਲਾਕੇ ਵਿੱਚ ਏਨ੍ਹਾਂ ਨਾਮ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾ ਕੇ ਇਸ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾ ਰਹੇ ਹਨ। ਮੁੱਖ ਅਧਿਆਪਕ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਤਾਬਾਂ, ਵਰਦੀਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਂਦਾ ਹੈ।
ਮੁੱਖ ਅਧਿਆਪਕ ਸ. ਸੂਬਾ ਸਿੰਘ ਠੀਕਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਮਾਰਟ ਹਾਈ ਸਕੂਲ, ਚਾਹਲ ਕਲਾਂ ਦਾ ਹਾਲ ਹੀ ਵਿਚ ਨਾਮ ਬਦਲ ਕੇ ਉਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਸਮਾਰਟ ਹਾਈ ਸਕੂਲ, ਚਾਹਲ ਕਲਾਂ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਇੱਕ ਬਹੁਤ ਵਧੀਆ ਹਾਕੀ ਦਾ ਮੈਦਾਨ ਹੈ, ਜਿਥੇ ਸਕੂਲ ਦੇ ਵਿਦਿਆਰਥੀ ਅਤੇ ਪਿੰਡ ਚਾਹਲ ਦੇ ਨੌਜਵਾਨ ਹਾਕੀ ਦੀ ਪਰੈਕਟਿਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਚਾਹਲ ਸਕੂਲ ਦੀ ਹਾਕੀ ਟੀਮ ਜ਼ਿਲ੍ਹੇ ਵਿੱਚ ਹਮੇਸ਼ਾਂ ਮੋਹਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹਾਕੀ ਦੇ ਇਸ ਖੇਡ ਮੈਦਾਨ ’ਚੋਂ ਖੇਡ ਕੇ ਪਿੰਡ ਚਾਹਲ ਦੇ 7 ਹਾਕੀ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਖੇਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਟੋਕੀਓ ਉਲੰਪਿਕਸ ਵਿੱਚ ਤਾਂਬੇ ਦਾ ਤਗਮਾ ਜੇਤੂ ਹਾਕੀ ਖਿਡਾਰੀਆਂ ਵਿਚੋਂ ਉਲੰਪੀਅਨ ਸਿਮਰਨਜੀਤ ਸਿੰਘ ਵੀ ਇਸੇ ਹਾਕੀ ਮੈਦਾਨ ਵਿੱਚ ਪਰੈਕਟਿਸ ਕਰਦਾ ਰਿਹਾ ਹੈ।

Spread the love