ਜਨਰਲ ਆਬਜ਼ਰਵਰ ਵੱਲੋਂ ਕਮਿਸ਼ਨਿੰਗ ਪ੍ਰਕਿਰਿਆ ਦਾ ਜਾਇਜ਼ਾ
ਬਰਨਾਲਾ, 10 ਫਰਵਰੀ 2022
ਵਿਧਾਨ ਸਭਾ ਹਲਕਾ ਬਰਨਾਲਾ ਲਈ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ ਮਸ਼ੀਨਾਂ ਦੀ ਕਮਿਸ਼ਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਰਿਟਰਨਿੰਗ ਅਫਸਰ ਬਰਨਾਲਾ ਸ੍ਰੀ ਵਰਜੀਤ ਵਾਲੀਆ ਦੀ ਦੇਖ-ਰੇਖ ਹੇਠ ਅਤੇ ਉਮੀਦਵਾਰਾਂ/ਨੁਮਾਇੰਦਿਆਂ ਦੀ ਹਾਜ਼ਰੀ ’ਚ ਹੋਈ।
ਇਸ ਮੌਕੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਆਬਜ਼ਰਵਰ ਸ੍ਰੀ ਸੁਰੇਂਦਰ ਕੁਮਾਰ ਮੀਨਾ ਆਈਏਐਸ ਵੱਲੋਂ ਦੋਵੇਂ ਦਿਨ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ ਮਸ਼ੀਨਾਂ ਦੀ ਕਮਿਸ਼ਨਿੰਗ ਪ੍ਰਕਿਰਿਆ ਦਾ ਨਿਰੀਖਣ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਇਹ ਕਮਿਸ਼ਨਿੰਗ ਪ੍ਰਕਿਰਿਆ ਚੋਣ ਲੜ ਰਹੇ ਉਮੀਦਵਾਰਾਂ/ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਨੇਪਰੇ ਚੜਾਈ ਗਈ। ਇਸ ਪ੍ਰਕਿਰਿਆ ਦੌਰਾਨ ਆਬਜ਼ਰਵਰਾਂ ਵੱਲੋਂ ਮਸ਼ੀਨਾਂ ਦੇ ਇੰਜਨੀਅਰਾਂ ਨਾਲ ਵਿਸਥਾਰ ਵਿੱਚ ਗੱਲਬਾਤ ਵੀ ਕੀਤੀ ਗਈ ਅਤੇ ਇੰਜੀਨੀਅਰਾਂ ਨੇ ਜਾਣੂ ਕਰਵਾਇਆ ਕਿ ਇਹ ਸਾਰੀਆਂ ਈ.ਵੀ.ਐਮ ਤੇ ਵੀ.ਵੀ.ਪੈਟ ਰੀਫਾਰਮੈਟਿੰਗ ਤੋਂ ਬਾਅਦ ਵਰਤੋਂ ਲਈ ਤਿਆਰ ਹੋ ਜਾਣਗੀਆਂ।
ਸਵੀਪ ਵਲੰਟੀਅਰਾਂ ਨੂੰ ਈਵੀਐਮਜ਼ ਦੀ ਕਾਰਜਪ੍ਰਣਾਲੀ ਤੋਂ ਕਰਵਾਇਆ ਜਾਣੂ
ਇਸ ਮੌਕੇ ਰਿਟਰਨਿੰਗ ਅਫਸਰ ਬਰਨਾਲਾ ਸ੍ਰੀ ਵਰਜੀਤ ਵਾਲੀਆ ਵੱਲੋਂ ਪਹਿਲ ਕਰਦੇ ਹੋਏ ਸਵੀਪ ਤਹਿਤ ਵਲੰਟੀਅਰਾਂ/ਨੌਜਵਾਨਾਂ ਨੂੰ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ ਮਸ਼ੀਨਾਂ ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਇਸ ਪ੍ਰਕਿਰਿਆ ਬਾਰੇ ਜਾਗਰੂਕ ਹੋ ਸਕਣ। ਇਸ ਮੌਕੇ ਮਾਸਟਰ ਟ੍ਰੇਨਰ ਰਾਕੇਸ਼ ਕੁਮਾਰ ਨੇ ਵਲੰਟੀਅਰਾਂ ਨੂੰ ਈਵੀਐਮਜ਼ ਦੇ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਦਿੱਤੀ।