-ਕਿਹਾ, ਕਿਸਾਨਾਂ ਨੂੰ ਨਾ ਆਉਣ ਦਿੱਤੀ ਜਾਵੇ ਕੋਈ ਮੁਸਕਿਲ
-ਕਿਸਾਨਾਂ ਨੂੰ ਸੁੱਕੀ ਫਸਲ ਮੰਡੀ ਲਿਆਉਣ ਦੀ ਕੀਤੀ ਅਪੀਲ
-ਬਾਹਰਲੇ ਰਾਜਾਂ ਤੋਂ ਝੋਨਾ ਲਿਆਉਣ ਤੋਂ ਰੋਕਣ ਲਈ ਨਾਕਾਬੰਦੀ ਅਤੇ ਉਡਣ ਦਸਤੇ ਤਾਇਨਾਤ
ਫਾਜਿ਼ਲਕਾ, 6 ਅਕਤੂਬਰ 2021
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈ.ਏ.ਐਸ. ਨੇ ਅੱਜ ਇੱਥੇ ਝੋਨੇ ਦੀ ਖਰੀਦ ਨਾਲ ਸਬੰਧਤ ਵਿਭਾਗਾਂ ਨਾਲ ਸਮੀਖਿਆ ਬੈਠਕ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨੇ ਖਰੀਦ ਏਂਜਸੀਆਂ ਅਤੇ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਝੋਨੇ ਦੀ ਖਰੀਦ ਮੌਕੇ ਕਿਸਾਨਾਂ ਨੂੰ ਕੋਈ ਮੁਸਕਿਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੂਰੀ ਤਰਾਂ ਸੁੱਕੀ ਹੋਈ ਫਸਲ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜ਼ੋ ਬਿਨ੍ਹਾਂ ਦੇਰੀ ਫਸਲ ਦੀ ਖਰੀਦ ਹੋ ਸਕੇ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਨਾਲੋ ਨਾਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਆਈ.ਏ.ਐਸ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਵੇਚਣ ਵਾਲਿਆਂ ਦੀ ਧਰਪਕੜ ਲਈ ਉਡਣਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ ਜਦ ਕਿ 25 ਅੰਤਰ ਰਾਜੀ ਨਾਕਿਆਂ ਤੇ 24 ਘੰਟੇ ਲਈ ਪੁਲਿਸ ਦਾ ਪਹਿਰਾ ਲਗਾਇਆ ਗਿਆ ਹੈ ਤਾਂ ਜ਼ੋ ਦੂਜ਼ੇ ਰਾਜਾਂ ਦੇ ਕਿਸਾਨਾਂ ਤੋਂ ਸਸਤਾ ਝੋਨਾ ਖਰੀਦ ਕੇ ਇੱਥੇ ਨਾ ਵੇਚਿਆ ਜਾ ਸਕੇ।
ਜਿ਼ਲ੍ਹਾ ਮੰਡੀ ਅਫ਼ਸਰ ਸ: ਜ਼ਸਨਦੀਪ ਸਿੰਘ ਨੇ ਦੱਸਿਆ ਕਿ ਮੰਡੀਆਂ ਦੇ ਗੇਟ ਤੇ ਝੋਨੇ ਵਿਚ ਨਮੀ ਦੀ ਮਾਤਰਾ ਮਾਪੀ ਜਾਂਦੀ ਹੈ ਅਤੇ ਕੇਵਲ ਸੁੱਕਾ ਝੋਨਾ ਹੀ ਮੰਡੀ ਵਿਚ ਆਉਣ ਦਿੱਤਾ ਜਾ ਰਿਹਾ ਹੈ ਅਤੇ ਗਿੱਲੇ ਝੋਨੇ ਨੂੰ ਵਾਪਿਸ ਭੇਜ਼ ਦਿੱਤਾ ਜਾਂਦਾ ਹੈ।
ਡੀਐਫਐਸਸੀ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਇਸ ਵਾਰ 2.52 ਲੱਖ ਟਨ ਝੋਨੇ ਦੀ ਆਮਦ ਦੀ ਆਸ ਹੈ ਅਤੇ ਇਸ ਲਈ 48 ਰੈਗੁਲਰ ਅਤੇ 3 ਆਰਜੀ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਵੱਖ ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਰੂਰਤ ਅਨੁਸਾਰ ਬਾਰਦਾਨਾ ਉਪਲਬੱਧ ਹੈ।ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਸਿਰਫ 9 ਮੰਡੀਆਂ ਵਿਚ ਹੀ ਝੋਨੇ ਦੀ ਆਮਦ ਸ਼ੁਰੂ ਹੋਈ ਹੈ।
ਬੈਠਕ ਵਿਚ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਅਤੇ ਸ੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਡੀਐਸਪੀ ਐਚ ਗੁਰਦੀਪ ਸਿੰਘ, ਡੀਐਫਐਸਓ ਵਿਕਾਸ ਬੱਤਰਾ, ਮਾਰਕਿਟ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਅਤੇ ਗੁਰਜਿੰਦਰ ਸਿੰਘ, ਪਨਸਪ ਦੇ ਡੀਐਮ ਵਨੀਤ ਗੋਇਲ, ਮਾਰਕਫੈਡ ਦੇ ਡੀਐਮ ਸਚਿਨ ਅਰੋੜਾ ਆਦਿ ਵੀ ਹਾਜਰ ਸਨ।