-ਮਿਥੇ ਸਮੇਂ ‘ਚ ਪੂਰਾ ਹੋਵੇਗਾ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਕੰਮ-ਸੰਦੀਪ ਹੰਸ
-ਪਟਿਆਲਾ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਕੀਤਾ ਧੰਨਵਾਦ
ਪਟਿਆਲਾ, 9 ਅਕਤੂਬਰ 2021
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਅੱਜ ਸਵੇਰੇ ਪਟਿਆਲਾ-ਰਾਜਪੁਰਾ ਰੋਡ ‘ਤੇ ਬਣ ਰਹੇ ਨਵੇਂ ਬੱਸ ਅੱਡੇ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਹੁਣ ਤੱਕ ਹੋਏ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਭਾਵੇਂ ਇਸ ਨਵੇਂ ਬੱਸ ਅੱਡੇ ‘ਤੇ ਰਾਜਪੁਰਾ ਰੋਡ ਵਲੋਂ ਆਉਣ ਵਾਲੀਆਂ ਬੱਸਾਂ ਦੀ ਐਂਟਰੀ ਨੂੰ ਸੁਖਾਲਾ ਬਣਾਉਣ ਲਈ ਫਲਾਈ ਓਵਰ ਉਸਾਰੀ ਅਧੀਨ ਹੋਣ ਕਾਰਨ, ਇਸ ਸੜ੍ਹਕ ‘ਤੇ ਆਵਾਜਾਈ ਰੋਕ ਕੇ ਹੋਰਨਾਂ ਰਸਤਿਆਂ ਤੋਂ ਚਲਾਏ ਜਾਣ ਕਾਰਨ ਲੋਕਾਂ ਨੂੰ ਕੁੱਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਗਲੇ ਕੁਝ ਦਿਨਾਂ ‘ਚ ਇਸ ਹਿੱਸੇ ‘ਤੇ ਸਲੈਬ ਪਾਉਣ ਬਾਅਦ, ਇਸ ਰਾਹ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹੋਰ ਪੜ੍ਹੋ :-ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਅੱਗੇ ਆਉਣ ਦੀ ਲੋੜ : ਬਲਬੀਰ ਸਿੰਘ ਸਿੱਧੂ
ਸ੍ਰੀ ਸੰਦੀਪ ਹੰਸ ਅੱਜ ਇੱਥੇ ਰਾਜਪੁਰਾ ਬਾਈਪਾਸ ਨੇੜੇ ਲੋਕ ਨਿਰਮਾਣ ਵਿਭਾਗ ਵੱਲੋਂ 8.51 ਏਕੜ ਰਕਬੇ ‘ਚ 60.97 ਕਰੋੜ ਰੁਪਏ ਦੀ ਲਾਗਤ ਉਸਾਰੇ ਜਾ ਰਹੇ ਇਸ ਅਤਿ-ਆਧੁਨਿਕ ਨਵੇਂ ਬੱਸ ਅੱਡੇ ਦੇ ਉਸਾਰੀ ਦਾ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਸ ਸਟੈਂਡ ਦੀ ਬਿਲਡਿੰਗ ਦੀਆਂ ਛੱਤਾਂ ਦੀਆਂ ਸਾਰੀਆਂ ਸਲੈਬਾਂ ਦਾ ਕੰਮ ਹੋ ਚੁੱਕਾ ਹੈ। ਹੁਣ ਫ਼ਰਸ਼, ਪਲੱਸਤਰ, ਬੱਸਾਂ ਦੇ ਚੱਲਣ ਲਈ ਪੇਵਮੈਂਟ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਨਿਰਮਾਣ ਕਾਰਜ ਨੂੰ ਮਿੱਥੇ ਸਮੇਂ ‘ਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਪਟਿਆਲਾ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆ ਕਿਹਾ ਕਿ ਬੱਸ ਅੱਡੇ ਦਾ ਕੰਮ ਖਤਮ ਹੋਣ ਉਪਰੰਤ ਸ਼ਹਿਰ ਵਾਸੀਆਂ ਨੂੰ ਜਿਥੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਬੱਸਾ ਅੱਡਾ ਮਿਲੇਗਾ, ਉਥੇ ਹੀ ਸ਼ਹਿਰ ‘ਚੋਂ ਟਰੈਫ਼ਿਕ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ।
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ.ਐਲ ਗਰਗ ਨੇ ਡਿਪਟੀ ਕਮਿਸ਼ਨਰ ਨੂੰ ਹੁਣ ਤੱਕ ਹੋਏ ਕੰਮ ਦੀ ਪ੍ਰਗਤੀ ਰਿਪੋਟਰ ਦਿੰਦਿਆ ਦੱਸਿਆ ਕਿ ਬੱਸ ਅੱਡੇ ‘ਚ ਬੱਸਾਂ ਦੇ ਆਉਣ ਲਈ ਬਣਾਏ ਜਾ ਰਹੇ ਕੁਨੈਕਟਿੰਗ ਫਲਾਈਓਵਰ ਦੇ ਪਿੱਲਰ ਬਣਾਉਣ ਦਾ ਕੰਮ ਹੋ ਚੁੱਕਾ ਹੈ ਅਤੇ ਅਗਲੇ ਦਿਨਾਂ ‘ਚ ਸੜ੍ਹਕ ਵਾਲੇ ਹਿੱਸੇ ‘ਤੇ ਸਲੈਬ ਪਾਉਣ ਲਈ ਸ਼ਟ੍ਰਿੰਗ ਆਦਿ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਇਸ ਮੌਕੇ ਕਿਹਾ ਕਿ ਫਲਾਈ ਓਵਰ ਦੇ ਇਸ ਹਿੱਸੇ ਨੂੰ ਪਹਿਲ ਦੇ ਅਧਾਰ ‘ਤੇ ਮੁਕੰਮਲ ਕਰਕੇ, ਲੋਕਾਂ ਨੂੰ ਆਵਾਜਾਈ ‘ਚ ਆ ਰਹੀ ਮੁਸ਼ਕਿਲ ਤੋਂ ਰਾਹਤ ਦਿੱਤੀ ਜਾਵੇ। ਇਸ ਮੌਕੇ ਐਸ.ਡੀ.ਐਮ ਪਟਿਆਲਾ ਚਰਨਜੀਤ ਸਿੰਘ, ਪੀ.ਆਰ.ਟੀ.ਸੀ ਦੇ ਏ.ਐਮ.ਡੀ ਨਿਤੀਸ਼ ਸਿੰਗਲਾ, ਐਸ.ਪੀ (ਟਰੈਫਿਕ) ਪਲਵਿੰਦਰ ਸਿੰਘ ਚੀਮਾ, ਸੀਨੀਅਰ ਆਰਕੀਟੈਕਟ ਸੁਰਿੰਦਰ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਰੀਕ ਸਿੰਘ ਤੇ ਡੀ.ਐਸ.ਪੀ ਰਾਜੇਸ਼ ਸਨੇਹੀ ਸਮੇਤ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਤੇ ਜੇ.ਈ, ਮੌਜੂਦ ਸਨ।
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਨਵੇਂ ਉਸਾਰੇ ਜਾ ਰਹੇ ਅਤਿ-ਆਧੁਨਿਕ ਬੱਸ ਅੱਡੇ ਦੇ ਉਸਾਰੀ ਕਾਰਜ ਦਾ ਜਾਇਜ਼ਾ ਲੈਂਦੇ ਹੋਏ।