ਮੱਖੂ ਤੋਂ ਸੁਲਤਾਨਪੁਰ ਰੋਡ ਤੇ ਜਾਂਦਿਆਂ ਟੋਲ ਪਲਾਜਾ ਟੱਪਦਿਆਂ ਦਰਿਆ ਦਾ ਪੁਲ ਪਾਰ ਕਰਦਿਆਂ ਅਗਲਾ ਪਿੰਡ ਗਿੱਦੜਵਿੰਡੀ ਹੈ । ਟੋਲ ਪਲਾਜੇ ਕੋਲੋਂ ਹੀ ਤਬਾਹੀ ਦੇ ਨਿਸ਼ਾਨ ਤਾਂ ਦਿਸਦੇ ਹਨ ਖੇਤਾਂ ਵਿੱਚ ਫਸਲਾਂ ਦੇ ਨਾਮੋਂਨਿਸ਼ਾਨ ਨਹੀਂ । ਖੇਤਾਂ ‘ਚ ਪਾਣੀ ਹੀ ਪਾਣੀ ਸੂਕਦਾ ਫਿਰਦਾ ਅਤੇ ਸੜਕ ‘ਤੇ ਸਿਆਸੀ ਅਤੇ ਸਰਕਾਰੀ ਲੋਕਾਂ ਦੀਆਂ ਗੱਡੀਆਂ ਸੂਕਦੀਆਂ ਹਨ । ਨਾਲ ਨਾਲ ਰਾਹਤ ਕਾਰਜਾਂ ‘ਚ ਲੱਗੇ ਪੰਜਾਬੀ ਨਜ਼ਰ ਆਉਂਦੇ ਹਨ । ਕੋਈ ਟਰੱਕ ਲੰਗਰ ਦਾ ਲੱਦਿਆ ਆ ਰਿਹਾ ਕੋਈ ਪਿੱਕਅੱਪ ਪਾਣੀ ਭਰੀ ਜਾ ਰਹੀ ਹੈ । ਕਿਤੇ ਕਿਤੇ ਸਰਕਾਰੀ ਕਰਮਚਾਰੀ ਛੁੱਟੀ ਲੈ ਕੇ ਹੜ ਪੀੜ੍ਹਤਾਂ ਦੀ ਪੀੜ ਵੰਡਾਉਣ ਆਏ ਹਨ । ਰੇਲਵੇ ਸਟੇਸ਼ਨ ਵੱਲ ਨਜ਼ਰ ਮਾਰੋਂ ਤਾਂ ਰੇਲਵੇ ਟਰੈਕ ਡੁੱਬਿਆ ਪਿਆ । ਪਿੰਡ ਦੇ ਲੋਕ 3-4 ਫੁੱਟ ਡੂੰਘੇ ਪਾਣੀ ਵਿੱਚੋਂ ਤੁਰ ਕੇ ਰਾਹਤ ਦੀ ਉਮੀਦ ‘ਚ ਬਾਹਰ ਆਉਂਦੇ ਹਨ ਅਤੇ ਔਰਤਾਂ ‘ਤੇ ਬੱਚੇ ਮਕਾਨਾਂ ਦੀ ਛੱਤਾਂ ‘ਤੇ ਬੈਠੇ ਹਨ , ਘਰਾਂ ਦਾ ਜਰੂਰੀ ਸਮਾਨ ਛੱਤਾਂ ਤੇ ਹੈ ।
ਪਿੰਡ ਵਾਸੀ , ਪ੍ਰਸ਼ਾਸਨ ਅਤੇ ਸਿਆਸਤ ਤੋਂ ਦੁੱਖੀ ਹਨ ਪਰ ਪਾਵਰਕਾਮ ਦੇ ਮੁਲਾਜ਼ਮਾਂ ਤੋਂ ਖੁਸ਼ ਹਨ ਜਿਹੜੇ ਖੜੇ ਪਾਣੀ ਵਿੱਚ ਬਿਜਲੀ ਠੀਕ ਕਰੀ ਜਾਂਦੇ ਹਨ । ਕੱਲ੍ਹ ਪਿੰਡ ਦੀ ਇੱਕ ਔਰਤ ਦੀ ਮੌਤ ਹੋ ਗਈ ਸੀ । ਉਹਨਾਂ ਭਤੀਜੇ ਨੇ ਦੱਿਸਆ ਕਿ ਸੰਸਕਾਰ ਕਰਨ ਲਈ ਥਾਂ ਨਹੀਂ ਸੀ ਇਸ ਲਈ ਸੜਕ ‘ਤੇ ਸੰਸਕਾਰ ਕੀਤਾ । ਗਲੀਆਂ ‘ਚ 4 ਫੁੱਟ ਡੂੰਘੇ ਪਾਣੀ ਵਿੱਚ ਜਾ ਕੇ ਜਦੋਂ ਅਸੀਂ ਕੁਝ ਘਰਾਂ ‘ਚ ਜਾ ਕੇ ਦੇਖਿਆ ਤਾਂ ਪਾਣੀ ‘ਚ ਇੱਕ ਬੀਬੀ ਖੜੀ ਗਲੀ ਤੇ ਦੂਜੀ ਛੱਤ ਤੇ ਖੜੀ ਗੁਆਢਣ ਦੇ ਰੱਸੀ ਨਾਲ ਲਮਕਾਏ ਡੋਲੂ ‘ਚ ਪਾਣੀ ਦੀ ਬੋਤਲ ਰੱਖ ਰਹੀ ਸੀ । ਪੁੱਛਣ ਤੇ ਦੱਸਿਆ , ‘ ਭਾਅਜੀ , ਮੀਂਹ ਤਾਂ ਪਾਣੀ ਤੁਸੀ ਦੇਖ ਰਹੇ ਪਰ ਗਰੀਬਾਂ ਦੇ ਘਰਾਂ ‘ਚ ਪਾਣੀ ਵਾਲੀਆਂ ਟੈਕੀਆਂ ਵੀ ਨਹੀਂ ਪੀਣ ਵਾਲਾ ਪਾਣੀ ਸਾਡੇ ਕੋਲ ਹੈਨੀ , ਸੜਕ ਤੋਂ ਲੈ ਕੇ ਆਏ ਹਾਂ ।’
ਬਰਬਾਦੀ ਦਾ ਇਹ ਮੰਜਿ਼ਰ ਹੈ । ਕਿਸਾਨਾਂ ਦੀ ਫਸਲਾਂ ਤਬਾਹ ਹੋ ਗਈਆਂ , ਘਰ ਦਾ ਪਾਣੀ ਕਦੋਂ ਸੁੱਕਣਾ ਕੋਈ ਪਤਾ ਨਹੀਂ ।
ਦਿਹਾੜੀਦਾਰਾਂ ਦਾ ਕਾਰੋਬਾਰ ਵੀ ਠੱਪ ਅਤੇ ਚੁੱਲੇ ਹੀ ਠੰਡੇ ਹਨ।
ਪਰ ਗੱਲਾਂ ਕਰਦੇ ਕਰਦੇ ਹੱਸ ਵੀ ਰਹੇ ਹਨ ਅਤੇ ਮੁਸੀਬਤਾਂ ਨਾਲ ਨਜਿੱਠਣ ਲਈ ਹਿੰਮਤ ਵੀ ਜੁਟਾ ਰਹੇ ਹਨ।
ਬੱਸ ਜੇ ਕੋਈ ਗਿਲਾ ਹੈ ਤਾਂ ਉਹ ਸਿਆਸਤਦਾਨਾਂ ਅਤੇ ਸਰਕਾਰ ਦੀਆਂ ਨੀਤੀਆਂ ‘ਤੇ ਹੈ । ਪਿੰਡ ਦੇ ਬਾਹਰਵਾਰ ਨੇੜਲੇ ਪਿੰਡਾਂ ਤੋਂ ਆਏ ਗੱਭਰੂ ਰੇਤੇ ਦੀ ਬੋਰੀਆਂ ਹੱਥਾਂ ਅਤੇ ਕਹੀਆਂ ਨਾਲ ਭਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਚਿਰ ਲੋਕ ਤਕਲੀਫ ‘ਚ ਹਨ ਕੋਈ ਸਿਆਸਤਦਾਨ ਅਤੇ ਅਧਿਕਾਰੀ ਨਾ ਆਵੇ । ਇਹ ਫੋਟੋਆਂ ਖਿੱਚਵਾਉਣ ਆਉਂਦੇ ਹਨ ਤੇ ਕੰਮ ਕਰਦੇ ਕੁਝ ਲੋਕ ਵੀ ਉਹਨਾਂ ਮਗਰ ਲੱਗ ਜਾਂਦੇ ਹਨ । ਫਾਇਦਾ ਇਹ ਕੁਝ ਕਰਦੇ ਨਹੀਂ ਉਲਟਾ ਨੁਕਸਾਨ ਕਰਦੇ ਹਨ। ਸਾਹਮਣੇ ਖੇਤ ਵਿੱਚ ਬਣਿਆ ਘਰ ਸੜਕ ਤੋਂ ਮਸਾਂ 100 ਮੀਟਰ ਦੂਰ ਹੈ । ਇੱਥੇ ਪ੍ਰਸ਼ਾਨਿਕ ਅਧਿਕਾਰੀ ਆਏ ਤਾਂ ਜਰੂਰ ਪਰ ਇਸ ਘਰ ਵਿੱਚ ਦੋ ਦਿਨਾਂ ਤੋਂ ਘਿਰੇ ਬਜੁਰਗ ਨੂੰ ਬਾਹਰ ਕੱਢਣ ਲਈ ਕੋਈ ਯਤਨ ਨਹੀਂ ਕੀਤਾ । ਇਸ ਬਾਬੇ ਨੂੰ ਵੀ ਸਮਾਜਸੇਵੀ ਸੰਸਥਾ ਨੇ ਨੌਜਵਾਨਾਂ ਨੇ ਬਾਹਰ ਕੱਢਿਆ ।