ਅੰਨ੍ਹਾਪਣ ਦੇਸ਼ ਵਿੱਚ ਇਕ ਗੰਭੀਰ ਜਨਤਕ ਸਿਹਤ ਸਮੱਸਿਆਵਾਂ : ਡਾ. ਗੁਰਿੰਦਰਬੀਰ ਕੌਰ

Sorry, this news is not available in your requested language. Please see here.

ਜ਼ਿਲ੍ਹੇ ਵਿੱਚ ਨੇਤਰਦਾਨ ਸਬੰਧੀ ਪੰਦਰਵਾੜਾ ਦੀ ਸ਼ੁਰੂਆਤ
ਨਵਾਂਸ਼ਹਿਰ, 27 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 25 ਅਗਸਤ ਤੋਂ 8 ਸਤੰਬਰ ਤੱਕ 36ਵਾਂ ਅੱਖਾਂ ਦਾਨ ਸਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਪੰਦਰਵਾੜੇ ਸਬੰਧੀ ਕਰਵਾਏ ਜਾਗਰੂਕਤਾ ਸਮਾਰੋਹ ਮੌਕੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਦਰਵਾੜੇ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ, ਕਿਉਂਕਿ ਅੰਨ੍ਹਾਪਣ ਸਾਡੇ ਦੇਸ਼ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕੌਰਨੀਆ ਸੰਬਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਕੌਰਨੀਆ ਇੱਕ ਪਾਰਦਰਸ਼ੀ ਪਰਦਾ ਹੈ, ਜੋ ਅੱਖ ਦੇ ਸਾਹਮਣੇ ਹੁੰਦਾ ਹੈ ਅਤੇ ਉਸ ਨੂੰ ਕਵਰ ਕਰਦਾ ਹੈ। ਇਹ ਇੱਕ ਖਿੜਕੀ ਵਾਂਗ ਹੈ, ਜਿਸ ਕਾਰਨ ਰੌਸ਼ਨੀ ਅੱਖ ਦੇ ਅੰਦਰ ਜਾਂਦੀ ਹੈ। ਬਿਮਾਰੀ, ਸੱਟ, ਕੁਪੋਸ਼ਣ ਅਤੇ ਇਨਫ਼ੈਕਸ਼ਨ ਦੇ ਕਾਰਨ ਕੌਰਨੀਆ ਧੁੰਦਲਾ ਹੋ ਸਕਦਾ ਹੈ ਅਤੇ ਨਜ਼ਰ ਘਟ ਜਾਂਦੀ ਹੈ।
ਡਾ. ਕੌਰ ਨੇ ਦੱਸਿਆ ਕਿ ਕੌਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨ੍ਹਾਪਣ ਪੁਤਲੀ ਬਦਲਣ ਦੇ ਆਪਰੇਸ਼ਨ (ਜਿਸਨੂੰ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਜਾਂ ਕੇਰਾਟੋਪਲਾਸਟੀ ਵੀ ਕਿਹਾ ਜਾਂਦਾ ਹੈ) ਨਾਲ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਧੁੰਦਲੇ ਕੌਰਨੀਆ ਦੀ ਥਾਂ ‘ਤੇ ਦਾਨੀ ਅੱਖ ਤੋਂ ਇਕ ਸਿਹਤਮੰਦ ਕੌਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ।
ਸਿਵਲ ਸਰਜਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੁੰ ਚੁੱਕਣ ਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ।
ਇਸ ਮੌਕੇ ਅੱਖਾਂ ਦੇ ਮਾਹਿਰ ਡਾ ਸਵਰਨਜੀਤ ਕਲਾਰ ਨੇ ਕਿਹਾ ਕਿ ਪੰਦਰਵਾੜੇ ਦੌਰਾਨ ਅੱਖਾਂ ਦੇ ਦਾਨ ਨਾਲ ਜੁੜੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਪੑਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ -ਨਾਲ ਅੱਖਾਂ ਦੇ ਦਾਨ ਸਬੰਧੀ ਰਜਿਸਟ੍ਰੇਸ਼ਨ ਫ਼ਾਰਮ ਵੀ ਭਰੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਬਲਵਿੰਦਰ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਰਾਕੇਸ਼ ਚੰਦਰ, ਅੱਖਾਂ ਦੇ ਮਾਹਿਰ ਡਾ ਸਵਰਨਜੀਤ ਕਲਾਰ, ਡਾ ਗੁਰਪਾਲ ਕਟਾਰੀਆ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ ਅਤੇ ਅਫਥਾਲਮਿਕ ਅਫ਼ਸਰ ਸੁਰਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਅਤੇ ਪਤਵੰਤੇ ਸੱਜਣ ਮੌਜੂਦ ਸਨ।

Spread the love