ਏ.ਡੀ.ਸੀ. ਵੱਲੋਂ ਬੈਂਕਾਂ ਦੀ ਸੁਰੱਖਿਆ ਤੇ ਕਾਰਜਪ੍ਰਣਾਲੀ ਦੀ ਸਮੀਖਿਆ

Sorry, this news is not available in your requested language. Please see here.

ਕਰਜ਼ੇ ਪ੍ਰਦਾਨ ਕਰਨ ਸਮੇਤ ਬੈਂਕਿੰਗ ਸੇਵਾਵਾਂ ਦੇ ਮਿਥੇ ਟੀਚੇ ਪੂਰੇ ਕਰਨ ਲਈ ਹਦਾਇਤਾਂ
ਲੀਡ ਬੈਂਕ ਵੱਲੋਂ 2021-22 ਲਈ ਜ਼ਿਲ੍ਹੇ ਦੇ ਬੈਂਕਾਂ ਨੂੰ ਕਰਜ਼ਾ ਦੇਣ ਦੇ ਟੀਚੇ ਜਾਰੀ
ਪਟਿਆਲਾ, 7 ਜੁਲਾਈ 2021
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਅੰਦਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੇ ਸਮੁੱਚੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਬੈਂਕਾਂ ‘ਚ ਲੋਕਾਂ ਨਾਲ ਸਬੰਧਤ ਲੰਬਿਤ ਚੱਲੇ ਆ ਰਹੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ। ਇੱਥੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੇ ਬੈਂਕਾਂ ਦੀ ਕਰਵਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਪ੍ਰੀਤੀ ਯਾਦਵ ਵੱਲੋਂ ਕਰਜ਼ਿਆਂ ਦੇ ਬੈਂਕਾਂ ‘ਚ ਲੰਬਿਤ ਕੇਸਾਂ ਬਾਰੇ ਬੈਂਕਾਂ ਨੂੰ ਆਪਣੀ ਯੋਜਨਾਂ ਜਲਦ ਤੋਂ ਜਲਦ ਤਿਆਰ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਬਣਾਈ ਗਈ ਯੋਜਨਾ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਜਾਵੇ।


ਡਾ. ਪ੍ਰੀਤੀ ਯਾਦਵ ਨੇ ਬੈਂਕਾਂ ਸਮੇਤ ਕਰੰਸੀ ਚੈਸਟ, ਏ.ਟੀ.ਐਮਜ ਅਤੇ ਨਗਦੀ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਸਖ਼ਤੀ ਨਾਲ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਇਸ ਮੌਕੇ ਉਨ੍ਹਾਂ ਬੈਂਕਾਂ ਨੂੰ ਜਿਨ੍ਹਾਂ ਦਾ ਸੀ.ਡੀ. ਅਨੁਪਾਤ ਸਹੀ ਨਹੀਂ ਹੈ ਆਪਣਾ ਸੀ.ਡੀ. ਅਨੁਪਾਤ ਸਹੀ ਕਰਨ ਲਈ ਕਿਹਾ ਅਤੇ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਸਮੂਹ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖਪਤਕਾਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਸਮੇਂ ਸੰਵੇਦਨਸ਼ੀਲ ਰਵੱਈਆ ਅਪਨਾਉਣ। ਇਸ ਮੌਕੇ ਲੀਡ ਬੈਂਕ ਵੱਲੋਂ ਸਾਲ 2021-22 ਲਈ ਜ਼ਿਲ੍ਹੇ ਦੇ ਬੈਂਕਾਂ ਨੂੰ ਸਾਲਾਨਾ ਕਰੈਡਿਟ ਪਲਾਨ ਦਾ ਕਿਤਾਬਚਾ ਵੀ ਜਾਰੀ ਕੀਤਾ ਗਿਆ।
ਲੀਡ ਬੈਂਕ ਐਸ.ਬੀ.ਆਈ. ਦੇ ਮੈਨੇਜਰ ਪ੍ਰਿਤਪਾਲ ਸਿੰਘ ਆਨੰਦ ਨੇ ਮੀਟਿੰਗ ਦੀ ਕਾਰਵਾਈ ਚਲਾਈ। ਇਸ ਦੌਰਾਨ ਡੀ.ਐਸ.ਪੀ (ਐਚ) ਗੁਰਦੇਵ ਸਿੰਘ ਧਾਲੀਵਾਲ ਵੱਲੋਂ ਬੈਂਕਾਂ ਤੇ ਏ.ਟੀ.ਐਮਜ ਦੀ ਸੁਰੱਖਿਆ ਸਬੰਧੀ ਹੋਰ ਸਤਰਕਤਾ ਵਰਤਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸੀ.ਸੀ.ਟੀ.ਵੀ ਤੇ ਅਲਾਰਮ ਪ੍ਰਣਾਲੀ ਸਮੇਤ ਸੁਰੱਖਿਆ ਗਾਰਦ ਨੂੰ ਹੋਰ ਚੁਸਤ ਦਰੁਸਤ ਕਰਨ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡੀ.ਪੀ.ਐਮ. ਰੀਨਾ, ਆਰਸੇਟੀ ਤੋਂ ਸੰਜੀਵ ਸਰਹਿੰਦੀ, ਡੀ.ਡੀ.ਐਮ. ਨਾਬਾਰਡ ਪਰਮਿੰਦਰ ਨਾਗਰਾ, ਅਸ਼ੋਕ ਰੌਣੀ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਸਮੇਤ ਕਈ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਫੋਟੋ ਕੈਪਸ਼ਨ ਲੀਡ ਬੈਂਕ ਵੱਲੋਂ ਕਰਵਾਈ ਗਈ ਸਮੂਹ ਬੈਂਕਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਏ.ਡੀ.ਸੀ. (ਵਿਕਾਸ) ਡਾ. ਪ੍ਰੀਤੀ ਯਾਦਵ।

Spread the love